
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਿਜੀਟਲ, ਪਾਰਦਰਸ਼ੀ ਤੇ ਕੁਸ਼ਲ ਸਰਕਾਰੀ ਖਰੀਦ ਪ੍ਰਣਾਲੀ ਨੂੰ ਮਿਲੇਗਾ ਹੁਲਾਰਾ-ਹਿਮਾਂਸ਼ੂ ਜੈਨ

-ਕਿਹਾ, ਡਿਜੀਟਲ ਤੇ ਕੁਸ਼ਲ ਸਰਕਾਰੀ ਖ਼ਰੀਦ ਨੂੰ ਮਿਲੇਗਾ ਹੁਲਾਰਾ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਜ਼ਿਲ੍ਹੇ ਦੇ ਸਰਕਾਰੀ ਵਿਭਾਗਾਂ ਵਿੱਚ ਤਕਨਾਲੋਜੀ ਅਧਾਰਤ ਖਰੀਦ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਵਿਖੇ ਸਰਕਾਰੀ ਈ-ਮਾਰਕੀਟਪਲੇਸ ਜੈਮ ਫੈਸਿਲੀਟੇਸ਼ਨ ਸੈਂਟਰ ਬਣਾਇਆ ਗਿਆ ਹੈ।ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕੀਤਾ। ਜੈਨ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਲੁਧਿਆਣਾ ਜ਼ਿਲ੍ਹੇ ਵਿੱਚ ਸਰਕਾਰੀ ਖਰੀਦ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ, ਕੁਸ਼ਲ ਅਤੇ ਡਿਜੀਟਲ ਬਣਾਉਣ ਵਿੱਚ ਸਫ਼ਲਤਾ ਮਿਲੇਗੀ।
ਡੀਸੀ ਨੇ ਕਿਹਾ ਕਿ ਸਰਕਾਰੀ ਈ-ਮਾਰਕੀਟਪਲੇਸ (ਜੈਮ ਫੈਸਿਲੀਟੇਸ਼ਨ ਸੈਂਟਰ) ਭਾਰਤ ਸਰਕਾਰ ਦਾ ਆਨਲਾਈਨ ਸਰਕਾਰੀ ਖਰੀਦ ਪਲੇਟਫਾਰਮ ਹੈ, ਜਿਸ ਰਾਹੀਂ ਸਰਕਾਰੀ ਵਿਭਾਗ ਅਤੇ ਵੱਖ-ਵੱਖ ਸਰਕਾਰੀ ਸੰਗਠਨ ਰਜਿਸਟਰਡ ਵਿਕਰੇਤਾਵਾਂ ਤੋਂ ਲੋੜ ਅਨੁਸਾਰ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ ਕਰ ਸਕਦੇ ਹਨ। ਇਸ ਪਲੇਟਫਾਰਮ ਰਾਹੀਂ ਸਿੱਧੀ ਖਰੀਦ, ਈ-ਬੋਲੀ ਤੇ ਰਿਵਰਸ ਨਿਲਾਮੀ ਸਮੇਤ ਵੱਖ-ਵੱਖ ਡਿਜੀਟਲ ਸਹੂਲਤਾਂ ਉਪਲਬਧ ਹਨ। ਜੈਮ ਫੈਸਿਲੀਟੇਸ਼ਨ ਸੈਂਟਰ ਦੇ ਲਾਗੂ ਹੋਣ ਨਾਲ ਜ਼ਿਲ੍ਹੇ ਦੇ ਸਰਕਾਰੀ ਵਿਭਾਗ ਇੱਕ ਸਾਂਝੇ ਡਿਜੀਟਲ ਮਾਰਕੀਟਪਲੇਸ ਰਾਹੀਂ ਵੱਖ-ਵੱਖ ਉਤਪਾਦਾਂ ਅਤੇ ਸੇਵਾਵਾਂ ਦੀ ਉਪਲਬਧਤਾ ਦੀ ਜਾਂਚ, ਕੀਮਤਾਂ ਤੇ ਵਿਕਲਪਾਂ ਦੀ ਤੁਲਨਾ ਅਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਆਨਲਾਈਨ ਖਰੀਦ ਕਰ ਸਕਣਗੇ। ਇਸ ਨਾਲ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਸਮੇਂ ਅਤੇ ਸਰੋਤਾਂ ਦੀ ਬਚਤ ਵਿੱਚ ਵੀ ਮਦਦ ਮਿਲੇਗੀ। ਇਸ ਪਲੇਟਫਾਰਮ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਹ ਸੂਖਮ ਤੇ ਛੋਟੇ ਉੱਦਮਾਂ (ਐਮਐਸਐਮਈਜ਼), ਸਟਾਰਟਅੱਪਸ, ਮਹਿਲਾ ਉੱਦਮੀਆਂ ਅਤੇ ਹੋਰ ਯੋਗ ਵਿਕਰੇਤਾਵਾਂ ਨੂੰ ਸਰਕਾਰੀ ਖਰੀਦ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਇਕ ਡਿਜੀਟਲ ਮੰਚ ਪ੍ਰਦਾਨ ਕਰਦਾ ਹੈ। ਇਸ ਨਾਲ ਛੋਟੇ ਕਾਰੋਬਾਰਾਂ ਤੇ ਸਥਾਨਕ ਉੱਦਮੀਆਂ ਲਈ ਸਰਕਾਰੀ ਬਾਜ਼ਾਰ ਤੱਕ ਪਹੁੰਚ ਦੇ ਮੌਕੇ ਵਧਣ ਦੀ ਉਮੀਦ ਹੈ। ਜੈਨ ਵੱਲੋਂ ਦੱਸਿਆ ਕਿ ਇਸ ਜੈਮ ਫੈਸਿਲੀਟੇਸ਼ਨ ਸੈਂਟਰ ਵਿੱਚ ਸਾਰੇ ਹੀ ਐਮਐਸਐਮਈ ਅਤੇ ਉਦਯੋਗ ਵਾਲੇ ਆਪਣੇ ਆਪ ਨੂੰ ਜੈਮ ਵਿੱਚ ਰਜਿਸਟਰਡ ਕਰਵਾ ਸਕਦੇ ਹਨ। ਸਟਾਫ ਸਿਰਫ ਜੈਮ ਰਜਿਸਟਰੇਸ਼ਨ ਤੇ ਲੋਕਾਂ ਦੀ ਸਹੂਲਤ ਲਈ ਉਪਲੱਬਧ ਕੀਤਾ ਗਿਆ ਹੈ। ਡੀਸੀ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਨੂੰ ਸਰਕਾਰੀ ਕੰਮਕਾਜ ਵਿੱਚ ਅਪਣਾਉਣਾ ਸਮੇਂ ਦੀ ਲੋੜ ਹੈ। ਡਿਜੀਟਲ ਪ੍ਰਣਾਲੀਆਂ ਰਾਹੀਂ ਸਰਕਾਰੀ ਪ੍ਰਕਿਰਿਆਵਾਂ ਨੂੰ ਸਰਲ, ਪਾਰਦਰਸ਼ੀ ਤੇ ਜਵਾਬਦੇਹ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਵਿਭਾਗਾਂ ਨੂੰ ਜੈਮ ਪਲੇਟਫਾਰਮ ਦੀ ਪ੍ਰਭਾਵਸ਼ਾਲੀ ਵਰਤੋਂ ਕਰਦਿਆਂ ਨਿਰਧਾਰਤ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਾਰਦਰਸ਼ੀ ਸਰਕਾਰੀ ਖਰੀਦ ਨਾ ਸਿਰਫ਼ ਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਵਾਧਾ ਕਰਦੀ ਹੈ, ਸਗੋਂ ਸਰਕਾਰੀ ਸਰੋਤਾਂ ਦੀ ਬਿਹਤਰ ਵਰਤੋਂ ਤੇ ਜਨਤਾ ਦੇ ਭਰੋਸੇ ਨੂੰ ਮਜ਼ਬੂਤ ਕਰਨ ਵਿੱਚ ਵੀ ਸਹਾਇਕ ਹੁੰਦੀ ਹੈ। ਜੈਮ ਫੈਸਿਲੀਟੇਸ਼ਨ ਸੈਂਟਰ ਦੇ ਵਿਸਥਾਰ ਨਾਲ ਲੁਧਿਆਣਾ ਜ਼ਿਲ੍ਹੇ ਵਿੱਚ ਸਰਕਾਰੀ ਖਰੀਦ ਪ੍ਰਕਿਰਿਆ ਵਿੱਚ ਪਾਰਦਰਸ਼ਤਾ, ਮੁਕਾਬਲੇਬਾਜ਼ੀ, ਜਵਾਬਦੇਹੀ ਤੇ ਖਰੀਦ ਦੀ ਸੌਖ ਨੂੰ ਹੋਰ ਉਤਸ਼ਾਹਿਤ ਕਰਨ ਦੀ ਉਮੀਦ ਹੈ। ਇਹ ਕਦਮ ਤਕਨਾਲੋਜੀ ਅਧਾਰਤ ਸ਼ਾਸਨ ਨੂੰ ਮਜ਼ਬੂਤ ਕਰਨ ਤੇ ਜਨਤਕ ਖਰੀਦ ਨੂੰ ਵਧੇਰੇ ਸੁਚਾਰੂ, ਪਾਰਦਰਸ਼ੀ ਤੇ ਕੁਸ਼ਲ ਬਣਾਉਣ ਵੱਲ ਇੱਕ ਅਹਿਮ ਪਹਿਲਕਦਮੀ ਸਾਬਤ ਹੋਵੇਗਾ। ਇਸ ਮੌਕੇ ਜ਼ਿਲ੍ਹਾ ਮੈਨੇਜਰ ਉਦਯੋਗ ਕੇਂਦਰ ਲੁਧਿਆਣਾ ਮਨਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।