- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢੋਕਾ ਮੁਹੱਲਾ ਨਾਲਾ ਜਲਦ ਹੋਵੇਗਾ ਕਵਰ, ਕੰਮ ਲਟਕਾਉਣ ’ਤੇ ਅਧਿਕਾਰੀਆਂ ਨੂੰ ਸਖ਼ਤ ਤਾੜਨਾ

-ਕਿਹਾ, ਢੋਕਾ ਮੁਹੱਲਾ ਨਾਲ਼ਾ ਜਲਦ ਹੋਵੇਗਾ ਕਵਰ, ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਢੋਕਾ ਮੁਹੱਲਾ-ਧਰਮਪੁਰਾ ਨਾਲੇ ਨੂੰ ਕਵਰ ਕਰਨ ਦਾ ਕੰਮ ਹੁਣ ਤੇਜ਼ ਹੋਵੇਗਾ। ਪ੍ਰੋਜੈਕਟ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਨਿਗਮ ਨੇ ਸਖ਼ਤੀ ਦਿਖਾਈ ਹੈ। ਸ਼ੁੱਕਰਵਾਰ ਸਵੇਰੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਲੁਧਿਆਣਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਮੌਕੇ ’ਤੇ ਪਹੁੰਚ ਕੇ ਨਾਲੇ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਕੰਮ ਵਿੱਚ ਤੇਜ਼ੀ ਲਿਆ ਕੇ ਪ੍ਰੋਜੈਕਟ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਮੇਅਰ ਅਤੇ ਵਿਧਾਇਕ ਨੇ ਸਪੱਸ਼ਟ ਕੀਤਾ ਕਿ ਪ੍ਰਾਜੈਕਟ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੰਮ ਵਿੱਚ ਢਿੱਲ ਜਾਂ ਬੇਵਜ੍ਹਾ ਦੇਰੀ ਸਾਹਮਣੇ ਆਉਣ ’ਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੂੰ ਕੰਮ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਠੇਕੇਦਾਰ ਤੋਂ ਨਿਰਧਾਰਤ ਰਫ਼ਤਾਰ ਨਾਲ ਕੰਮ ਕਰਵਾਉਣ ਲਈ ਕਿਹਾ ਗਿਆ।ਨਿਰੀਖਣ ਦੌਰਾਨ ਨਿਗਮ ਦੇ ਸੁਪਰਿੰਟੈਂਡਿੰਗ ਇੰਜੀਨੀਅਰ ਰਣਜੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ।
-ਬਾਕਸ-
-ਬਰਸਾਤ ਕਾਰਨ ਆਈਆਂ ਸਨ ਦਿੱਕਤਾਂ
ਨਿਰੀਖਣ ਦੌਰਾਨ ਮੇਅਰ ਇੰਦਰਜੀਤ ਕੌਰ ਅਤੇ ਵਿਧਾਇਕ ਪ੍ਰਸ਼ਰ ਨੇ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਕੇ ਨਾਲੇ ਦੇ ਕੰਮ ਸਬੰਧੀ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਵੀ ਸੁਣੇ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਬਰਸਾਤ ਦੇ ਮੌਸਮ ਕਾਰਨ ਪ੍ਰਾਜੈਕਟ ਵਿੱਚ ਕੁਝ ਮਾਮੂਲੀ ਦਿੱਕਤਾਂ ਆਈਆਂ ਸਨ। ਹੁਣ ਸਬੰਧਤ ਅਧਿਕਾਰੀਆਂ ਨੂੰ ਕੰਮ ਦੀ ਰਫ਼ਤਾਰ ਵਧਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
-ਬਾਕਸ-
-ਸ਼ਿਵਾਜੀ ਨਗਰ ਨਾਲਾ ਪਹਿਲਾਂ ਹੀ ਹੋ ਚੁੱਕਾ ਕਵਰ
ਮੇਅਰ ਅਤੇ ਵਿਧਾਇਕ ਨੇ ਕਿਹਾ ਕਿ ਸ਼ਿਵਾਜੀ ਨਗਰ ਨਾਲੇ ਨੂੰ ਪਹਿਲਾਂ ਹੀ ਕਵਰ ਕੀਤਾ ਜਾ ਚੁੱਕਾ ਹੈ। ਹੁਣ ਧਰਮਪੁਰਾ ਨਾਲੇ ਦਾ ਕੰਮ ਵੀ ਜਲਦ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਪ੍ਰਾਜੈਕਟ ਪੂਰਾ ਹੋਣ ਨਾਲ ਢੋਕਾ ਮੁਹੱਲਾ, ਧਰਮਪੁਰਾ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਸਨੀਕਾਂ ਨੂੰ ਖ਼ਾਸ ਤੌਰ ’ਤੇ ਬਰਸਾਤ ਦੇ ਮੌਸਮ ਦੌਰਾਨ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਹਿਰ ਵਿੱਚ ਲੋਕ-ਕੇਂਦਰਿਤ ਪ੍ਰਾਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ।