- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਦੇ ਗਰਾਊਂਡਾਂ ਦੀ ਵਰਤੋਂ ਨੂੰ ਲੈ ਕੇ ਦੀਵਾਨ ਦਾ ਸਰਕਾਰ ’ਤੇ ਸਿਆਸੀ ਹਮਲਾ

-ਸਰਸ ਮੇਲਾ ਰੋਕਣ ਲਈ ਰਾਜਪਾਲ ਨੂੰ ਦਖ਼ਲ ਦੇਣ ਲਈ ਲਿਖੀ ਚਿੱਠੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਪੰਜਾਬ ਸਰਕਾਰ ’ਤੇ ਵਿੱਦਿਅਕ ਸੰਸਥਾਵਾਂ ਦੇ ਗਰਾਊਂਡਾਂ ਤੇ ਕੈਂਪਸਾਂ ਨੂੰ ਗੈਰ-ਵਿੱਦਿਅਕ ਸਮਾਗਮਾਂ ਲਈ ਵਰਤਣ ਦਾ ਦੋਸ਼ ਲਾਉਂਦਿਆਂ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਗਰਾਊਂਡਾਂ ਵਿੱਚ ਪ੍ਰਸਤਾਵਿਤ ਸਰਸ ਮੇਲਾ ਕਰਵਾਉਣ ਤੋਂ ਰੋਕਣ ਲਈ ਦਖ਼ਲ ਦੀ ਮੰਗ ਕੀਤੀ ਹੈ। ਦੀਵਾਨ ਨੇ ਕਿਹਾ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ ਪੀਏਯੂ ਦੇ ਫੁੱਟਬਾਲ ਅਤੇ ਐਥਲੈਟਿਕਸ ਮੈਦਾਨ ਵਿੱਚ ਕਰਵਾਇਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਮਾਗਮ ਕਾਰਨ ਖੇਡ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਅਨੁਸਾਰ ਹੁਣ 29 ਅਕਤੂਬਰ ਤੋਂ 5 ਨਵੰਬਰ ਤੱਕ ਪੀਏਯੂ ਦੇ ਗਰਾਊਂਡਾਂ ਵਿੱਚ ਸਰਸ ਮੇਲਾ ਕਰਵਾਉਣ ਦੀ ਤਿਆਰੀ ਹੈ। ਪੀਏਯੂ ਇੱਕ ਪ੍ਰਮੁੱਖ ਵਿੱਦਿਅਕ ਸੰਸਥਾ ਹੈ, ਜਿੱਥੇ ਵਿਦਿਆਰਥੀਆਂ, ਸਿੱਖਿਆ, ਖੋਜ ਅਤੇ ਅਕਾਦਮਿਕ ਗਤੀਵਿਧੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ। ਦੀਵਾਨ ਨੇ ਦਾਅਵਾ ਕੀਤਾ ਕਿ ‘ਜਸ਼ਨ-ਏ-ਇਨਕਲਾਬ’ ਤੋਂ ਬਾਅਦ ਵਿਦਿਆਰਥੀਆਂ, ਖਿਡਾਰੀਆਂ ਅਤੇ ਸਵੇਰੇ ਸੈਰ ਕਰਨ ਵਾਲੇ ਲੋਕਾਂ ਵੱਲੋਂ ਵੀ ਯੂਨੀਵਰਸਿਟੀ ਦੇ ਗਰਾਊਂਡਾਂ ਦੀ ਅਜਿਹੀ ਵਰਤੋਂ ’ਤੇ ਇਤਰਾਜ਼ ਜਤਾਇਆ ਗਿਆ। ਉਨ੍ਹਾਂ ਕਿਹਾ ਕਿ ਸਰਸ ਮੇਲੇ ਦਾ ਵਿਰੋਧ ਹੁਣ ਵਿਦਿਆਰਥੀਆਂ ਤੱਕ ਸੀਮਤ ਨਹੀਂ ਰਿਹਾ ਅਤੇ ਪੀਏਯੂ ਟੀਚਰਜ਼ ਐਸੋਸੀਏਸ਼ਨ, ਨਾਨ-ਟੀਚਿੰਗ ਸਟਾਫ਼ ਐਸੋਸੀਏਸ਼ਨ ਅਤੇ ਐਲੂਮਨੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਵੀ ਇਸ ਸਬੰਧੀ ਸਵਾਲ ਉਠਾਏ ਜਾ ਰਹੇ ਹਨ। ਦੀਵਾਨ ਨੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਨੂੰ ਸਿੱਖਿਆ, ਖੋਜ ਅਤੇ ਅਕਾਦਮਿਕ ਗਤੀਵਿਧੀਆਂ ਲਈ ਸਮਰਪਿਤ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਰਾਜਪਾਲ ਤੋਂ ਮੰਗ ਕੀਤੀ ਕਿ ਪ੍ਰਸਤਾਵਿਤ ਸਰਸ ਮੇਲਾ ਪੀਏਯੂ ਦੇ ਗਰਾਊਂਡਾਂ ਵਿੱਚ ਕਰਵਾਉਣ ਸਬੰਧੀ ਮਾਮਲੇ ਵਿੱਚ ਦਖ਼ਲ ਦਿੱਤਾ ਜਾਵੇ। ਪੀਏਯੂ ਦਾ ਕੈਂਪਸ ਵਿਦਿਆਰਥੀਆਂ ਦੀ ਸਿੱਖਿਆ, ਖੋਜ ਅਤੇ ਵਿਗਿਆਨਕ ਤਰੱਕੀ ਲਈ ਵਰਤਿਆ ਜਾਣਾ ਚਾਹੀਦਾ ਹੈ।