ਇਸ਼ਨਪੁਰ ‘ਚ ਵਿਕਾਸ ਕਾਰਜਾਂ ਦੀ ਸ਼ੁਰੂਆਤ, ਮੰਤਰੀ ਸੌਂਦ ਨੇ ਰੱਖਿਆ ਨੀਂਹ ਪੱਥਰ
ਪਿੰਡ ਇਸ਼ਨਪੁਰ ‘ਚ ਵਿਕਾਸ ਕਾਰਜਾਂ ਦੀ ਸ਼ੁਰੂਆਤ, ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਰੱਖਿਆ ਨੀਂਹ ਪੱਥਰ
Publish Date: Mon, 30 Mar 2026 07:39 PM (IST)
Updated Date: Tue, 31 Mar 2026 04:11 AM (IST)

‘ਨਸ਼ਾ-ਮੁਕਤ ਪੰਜਾਬ’ ਲਈ ਖੇਡ ਮੈਦਾਨ ਅਹਿਮ, ਪਿੰਡਾਂ ਦੀ ਕਾਇਆ ਕਲਪ ਲਈ ਸਰਕਾਰ ਵਚਨਬੱਧ : ਸੌਂਦ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੀ ਨੁਹਾਰ ਤੇ ਮੂੰਹ ਮੁਹਾਂਦਰਾ ਸੰਵਾਰਨ ਵਿੱਚ ਇੱਕ ਨਵਾਂ ਅਧਿਆਏ ਲਿਖ ਦਿੱਤਾ ਹੈ। ਪਿੰਡਾਂ ਲਈ ਕੀਤੇ ‘ਆਪ ਸਰਕਾਰ’ ਦੇ ਕੰਮਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਹਲਕਾ ਖੰਨਾ ਦੇ ਪਿੰਡ ਇਸ਼ਨਪੁਰ ਵਿਖੇ ਪਾਰਕ, ਟੋਭੇ ਦੀ ਚਾਰਦੀਵਾਰੀ ਅਤੇ ਬਰਮਾਂ ਤੇ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਉਣ ਮੌਕੇ ਕੀਤਾ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਟੋਭਿਆਂ/ਛੱਪੜਾਂ ਦੀ ਸਾਫ-ਸਫਾਈ ਤੇ ਪੇਂਡੂ ਖੇਡ ਮੈਦਾਨਾਂ ਦੀ ਸ਼ਾਨਦਾਰ ਪਹਿਲਕਦਮੀ ਨਾਲ ਪਿੰਡਾਂ ਦੀ ਕਾਇਆ ਕਲਪ ਹੋਈ ਹੈ ਤੇ ਹੋਵੇਗੀ ਤੇ ਪਿੰਡ ਵਾਸੀਆਂ ਦਾ ਜੀਵਨ ਪੱਧਰ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਕਾਰਣ ਨਾ ਤਾਂ ਪਿੰਡਾਂ ਦੇ ਨੌਜਵਾਨਾਂ ਲਈ ਖੇਡ ਮੈਦਾਨਾਂ ਵੱਲ ਕੋਈ ਧਿਆਨ ਦਿੱਤਾ ਗਿਆ ਤੇ ਨਾ ਹੀ ਟੋਭਿਆਂ/ਛੱਪੜਾਂ ਦੀ ਸਾਫ ਸਫਾਈ ਦੀ ਸਾਰ ਲਈ ਗਈ। ਸੌਂਦ ਨੇ ਕਿਹਾ ਕਿ ਹਰੇਕ ਪਿੰਡ ਲਈ ਦੋ ਸਥਾਨ ਬਹੁਤ ਖਾਸ ਹੁੰਦੇ ਹਨ। ਇੱਕ ਪਿੰਡ ਦਾ ਖੇਡ ਮੈਦਾਨ ਅਤੇ ਦੂਜਾ ਪਿੰਡ ਦਾ ਟੋਭਾ/ਛੱਪੜ। ਇਨ੍ਹਾਂ ਦੋਹਾਂ ਤੋਂ ਪਿੰਡ ਦੀ ਖੁਸ਼ਹਾਲੀ ਤੇ ਪਿੰਡ ਦੀ ਜਵਾਨੀ ਬਾਰੇ ਪਤਾ ਚੱਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਉਣ ਜਾਂ ਮੌਜੂਦਾ ਖੇਡ ਮੈਦਾਨ ਨੂੰ ਅੱਪਗ੍ਰੇਡ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਸਾਰੇ ਪੰਜਾਬ ਦੇ ਟੋਭਿਆਂ/ਛੱਪੜਾਂ ਦੀ ਸਫਾਈ ਅਤੇ ਚਾਰਦੀਵਾਰੀ ਕਰਨ ਦੇ ਕੰਮ ਦਾ ਬੀੜਾ ਚੁੱਕਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਪੁਨਰ ਸੁਰਜੀਤੀ ਮਿਸ਼ਨ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਸੂਬੇ ਭਰ ਦੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਉਣ ਜਾਂ ਅੱਪਗ੍ਰੇਡ ਕਰ ਰਹੀ ਹੈ। ਇਹ ਇੱਕ ਅਜਿਹਾ ਕਦਮ ਹੈ ਜੋ ਪਿੰਡਾਂ ਚ ਵੱਸਦੇ ਨੌਜਵਾਨਾਂ ਦੇ ਭਵਿੱਖ ਪ੍ਰਤੀ ਸਰਕਾਰ ਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਇਸ ਗੱਲ ‘ਤੇ ਚਿੰਤਾ ਜਤਾਈ ਕਿ ਬਹੁਤ ਸਾਰੇ ਪੇਂਡੂ ਬੱਚੇ ਖੇਡ ਦੇ ਮੈਦਾਨਾਂ ਜਾਂ ਖੇਡ ਸਹੂਲਤਾਂ ਤੱਕ ਪਹੁੰਚ ਤੋਂ ਬਿਨਾਂ ਵੱਡੇ ਹੁੰਦੇ ਰਹੇ ਹਨ। ਚੰਗੀ ਤਰ੍ਹਾਂ ਲੈਸ, ਸੁਰੱਖਿਅਤ ਅਤੇ ਹਰੇ ਭਰੇ ਖੇਡ ਦੇ ਮੈਦਾਨ ਬਣਾ ਕੇ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਬੱਚੇ ਨੂੰ, ਹਰ ਪਿੰਡ ਵਿੱਚ, ਖੇਡਣ, ਮੁਕਾਬਲਾ ਕਰਨ ਅਤੇ ਅੱਗੇ ਵਧਣ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਟੋਭਿਆਂ/ਛੱਪੜਾਂ ਦੀ ਸਫਾਈ ਅਤੇ ਚਾਰਦੀਵਾਰੀ ਦਾ ਕੰਮ ਸਿਰਫ਼ ਇੱਕ ਸਫਾਈ ਪ੍ਰੋਜੈਕਟ ਨਹੀਂ ਹੈ। ਇਹ ਪਿੰਡਾਂ ਦੇ ਜੀਵਨ ਵਿੱਚ ਮਾਣ-ਸਨਮਾਨ ਵਾਪਸ ਲਿਆਉਣ ਲਈ ਇੱਕ ਲਹਿਰ ਹੈ। ਉਨ੍ਹਾਂ ਦੱਸਿਆ ਕਿ ਦਹਾਕਿਆਂ ਵਿੱਚ ਪਹਿਲੀ ਵਾਰ ਪੰਜਾਬ ਦੇ ਸਾਰੇ ਟੋਭਿਆਂ/ਛੱਪੜਾਂ ਵਿੱਚ ਵੱਡੇ ਪੱਧਰ ‘ਤੇ ਡੀ-ਵਾਟਰਿੰਗ ਅਤੇ ਡੀ-ਸਿਲਟਿੰਗ ਕੀਤੀ ਗਈ ਹੈ ਤੇ ਕੀਤੀ ਜਾ ਰਹੀ ਹੈ ਜਿਸ ਨਾਲ ਗੰਦੇ ਪਾਣੀ ਨੂੰ ਸਾਫ਼ ਕਰਕੇ ਪਾਣੀ ਦੀ ਸਟੋਰੇਜ ਸਮਰੱਥਾ ਅਤੇ ਕੁਦਰਤੀ ਵਹਾਅ ਨੂੰ ਮਹੱਤਵਪੂਰਨ ਢੰਗ ਨਾਲ ਵਧਾਇਆ ਜਾ ਰਿਹਾ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਜ਼ਿਲ੍ਹਾ ਪਲੈਨਿੰਗ ਬੋਰਡ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਸਟਰ ਅਵਤਾਰ ਸਿੰਘ ਦੈਹਿੜੂ, ਚੇਅਰਮੈਨ ਬਲਾਕ ਸੰਮਤੀ ਖੰਨਾ ਲਖਵੀਰ ਸਿੰਘ ਗਿੱਲ, ਵਾਈਸ ਚੇਅਰਮੈਨ ਬਲਾਕ ਸੰਮਤੀ ਖੰਨਾ ਰਾਜਵੀਰ ਕੌਰ, ਬੀ.ਡੀ.ਪੀ.ਓ ਖੰਨਾ ਸਤਵਿੰਦਰ ਸਿੰਘ ਕੰਗ, ਪੰਚਾਇਤ ਅਫਸਰ ਕੁਲਦੀਪ ਸਿੰਘ, ਸਰਪੰਚ ਰਾਮ ਚੰਦ, ਪੰਚਾਇਤ ਮੈਂਬਰ ਸਕਿੰਦਰ ਸਿੰਘ, ਪੰਚਾਇਤ ਮੈਂਬਰ ਅਮਨਦੀਪ ਸਿੰਘ, ਪੰਚਾਇਤ ਮੈਂਬਰ ਰਾਮ ਚੰਦ ਸਿੰਘ, ਪੰਚਾਇਤ ਮੈਂਬਰ ਹਰਪ੍ਰੀਤ ਕੌਰ, ਪੰਚਾਇਤ ਮੈਂਬਰ ਅਮਨਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਤੇ ਇਲਾਕਾ ਨਿਵਾਸੀ ਮੌਜੂਦ ਸਨ।