ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਨਮਨ
ਦੇਸ਼ ਭਗਤ ਯਾਦਗਾਰੀ ਸੋਸਾਇਟੀ ਨੇ ਸਤਿਕਾਰ ਨਾਲ ਮਨਾਇਆ ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ
Publish Date: Mon, 23 Mar 2026 08:03 PM (IST)
Updated Date: Tue, 24 Mar 2026 04:08 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ , ਲੁਧਿਆਣਾ : ਦੇਸ਼ ਦੀ ਅਜਾਦੀ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਸਨਅਤੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਬੜੀ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਉਧਰ ਹਲਕਾ ਦੱਖਣੀ ਵਿਖੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੇਸ਼ ਭਗਤ ਯਾਦਗਾਰੀ ਸੁਸਾਇਟੀ ਵੱਲੋਂ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਸਮਾਗਮ ਵਿੱਚ ਸੀਨੀਅਰ ਨੇਤਾ ਸੁਸ਼ੀਲ ਮਲਹੋਤਰਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਓਬੀਸੀ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਕਲੇਰ, ਓਵਰਸੀਜ ਕਾਂਗਰਸ ਅਮਰੀਕਾ ਦੇ ਵਾਈਸ ਪ੍ਰਧਾਨ ਦਲਜੀਤ ਸਿੰਘ ਹਿੱਸੋਵਾਲ, ਬੀਬੀ ਅਮਰਜੀਤ ਕੌਰ ਗਰੇਵਾਲ ਯੂਐੱਸਏ, ਰਮਨਜੋਤ ਸਿੰਘ ਢਿੱਲੋਂ ਕੈਨੇਡਾ, ਰਾਕੇਸ਼ ਗੋਇਲ, ਵਰਿੰਦਰ ਭੱਲਾ ਪ੍ਰਧਾਨ ਓਬੀਸੀ ਜ਼ਿਲ੍ਹਾ ਕਾਂਗਰਸ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਤੇ ਪ੍ਰਧਾਨ ਬਾਵਾ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਇਸ ਸਮੇਂ ਕਿਹਾ ਕਿ ਮਹਾਨ ਸ਼ਹੀਦਾਂ ਦੇ ਦਿਹਾੜੇ ਮਨਾਉਣਾ, ਉਨ੍ਹਾਂ ਵੱਲੋਂ ਦਰਸਾਏ ਰਸਤੇ ’ਤੇ ਚੱਲ ਕੇ ਸਮਾਜ ਸੇਵਾ ਦੀ ਸੱਚੀ ਸੁੱਚੀ ਭਾਵਨਾ ਨਾਲ ਕੰਮ ਕਰਨਾ ਹੀ ਸੁਸਾਇਟੀ ਦੀ ਪਹਿਲ ਕਦਮੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿਰਫ ਦਫਤਰਾਂ ਵਿੱਚ ਫੋਟੋ ਲਗਾਉਣਾ, ਪਰ ਕੰਮ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਖ਼ਿਲਾਫ਼ ਕਰਨੇ, ਇਹ ਉਨ੍ਹਾਂ ਦੀ ਸੋਚ ਦਾ ਅਪਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਖਾਤਰ ਸਾਡੇ ਮਹਾਨ ਸੂਰਵੀਰਾਂ ਯੋਧਿਆਂ ਨੇ ਫਾਂਸੀ ਦੇ ਰੱਸੇ ਚੁੰਮੇ ਅਤੇ ਸਾਡੀ ਖਾਤਰ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਕੁਝ ਲੋਕ ਸੱਤਾ ਅਤੇ ਆਪਣੇ ਮੁਫਾਦਾਂ ਦੀ ਖਾਤਰ ਸ਼ਹੀਦਾਂ ਦੀ ਦੀ ਸੋਚ ਤੋਂ ਉਲਟ ਕੰਮ ਕਰ ਰਹੇ ਹਨ। ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਨਵੇਂ ਅਹੁਦੇਦਾਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਾਵਾ ਨੇ ਦੱਸਿਆ ਕਿ ਸੁਸ਼ੀਲ ਮਲਹੋਤਰਾ ਅਤੇ ਪਵਨ ਕੁਮਾਰ ਸ਼ੁਕਲਾ ਨੂੰ ਵਾਈਸ ਪ੍ਰਧਾਨ, ਜਦਕਿ ਗੁਰਨਾਮ ਸਿੰਘ ਕਲੇਰ ਸੁਸਾਇਟੀ ਦੇ ਪੰਜਾਬ ਦੇ ਕਨਵੀਨਰ ਬਣਾਏ ਗਏ। ਉਨ੍ਹਾਂ ਤੋਂ ਇਲਾਵਾ ਬਲਜੀਤ ਮਾਲੜਾ ਅਤੇ ਮਲਕੀਤ ਸਿੰਘ ਮੰਗਾ ਜਨਰਲ ਸਕੱਤਰ, ਸ਼ਿਵ ਕੁਮਾਰ ਸ਼ਿਵਾ, ਜਸਵੀਰ ਸਿੰਘ ਨਾਮਧਾਰੀ, ਰੇਨੂ ਰਾਮਦਾਸ, ਮਨਜੀਤ ਕੌਰ, ਮਮਤਾ ਰਾਣੀ, ਪ੍ਰਮਾਤਮਾ ਤਿਵਾੜੀ, ਸੂਬੇਦਾਰ ਮੋਹਨ ਸਿੰਘ ਰਾਮਪਾਲ ਸਕੱਤਰ, ਵਿਧੀ ਚੰਦ ਰਾਜਪੂਤ, ਤਰਸੇਮ ਸਿੰਘ ਐਗਜੈਕਟਿਵ ਕਮੇਟੀ ਦੇ ਮੈਂਬਰ ਬਣਾਏ ਗਏ। ਇਸ ਮੌਕੇ ਬੀਬੀ ਮਨਜੀਤ ਕੌਰ ਸਰੋਏ, ਗੁਰਨਾਮ ਸਿੰਘ ਕਲੇਰ ਅਤੇ ਤੇਜਵੰਤ ਸਿੰਘ ਸਿੱਧੂ ਵੱਲੋਂ ਸ਼ਹੀਦੀ ਦਿਹਾੜੇ ਮੌਕੇ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ ਗਿਆ।