- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਮਹੂਰੀ ਜਥੇਬੰਦੀਆਂ ਨੇ ਵੋਟਾਂ ਕੱਟਣ ਦੇ ਰੋਸ ਵਜੋਂ ਚੋਣ ਕਮਿਸ਼ਨ ਖਿਲਾਫ਼ ਪੁਤਲਾ ਫ਼ੁੂਕ ਪ੍ਰਦਰਸ਼ਨ

-ਕਿਹਾ, ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਹੋਵੇ ਦਰਜ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਐਸਆਈਆਰ ਦੌਰਾਨ ਵੋਟਰ ਸੂਚੀਆਂ ਵਿੱਚੋਂ ਵੱਡੀ ਗਿਣਤੀ ਵਿੱਚੋਂ ਨਾਮ ਕੱਟੇ ਜਾਣ ਦੇ ਵਿਰੋਧ ਵਿੱਚ ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਜਮਹੂਰੀ ਜਥੇਬੰਦੀਆ ਨੇ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਕਰਨ ਸਮੇਂ ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ,ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ, ਮਹਾਸਭਾ ਲੁਧਿਆਣਾ ਅਤੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਆਗੂ ਤੇ ਕਾਰਕੁੰਨ ਹਾਜ਼ਰ ਸਨ।
ਚੋਣ ਕਮਿਸ਼ਨ ਵੱਲੋਂ ਜਾਰੀ ਡਰਾਫਟ ਵੋਟਰ ਸੂਚੀ ਸਬੰਧੀ ਰਿਪੋਰਟਾਂ ਮੁਤਾਬਕ ਪੰਜਾਬ ਵਿੱਚ ਪਿਛਲੀ ਸੂਚੀ ਦੇ ਮੁਕਾਬਲੇ 20.66 ਲੱਖ ਵੋਟਰਾਂ ਦੇ ਨਾਮ ਘਟੇ ਹਨ। ਚੋਣ ਕਮਿਸ਼ਨ ਵੱਲੋਂ ਇਨ੍ਹਾਂ ਨੂੰ ਗੈਰ-ਹਾਜ਼ਰ, ਮੌਤ ਹੋ ਚੁੱਕੀ, ਪੱਕੇ ਤੌਰ ’ਤੇ ਤਬਦੀਲ ਹੋਏ ਜਾਂ ਡੁਪਲੀਕੇਟ ਵੋਟਰਾਂ ਆਦਿ ਦੀਆਂ ਸ਼੍ਰੇਣੀਆਂ ਵਿੱਚ ਰੱਖਿਆ ਗਿਆ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਵੋਟ ਪਾਉਣਾ ਹਰ ਯੋਗ ਨਾਗਰਿਕ ਦਾ ਮਹੱਤਵਪੂਰਨ ਲੋਕਤੰਤਰੀ ਅਧਿਕਾਰ ਹੈ। ਜੇਕਰ ਐਸਆਈਆਰ ਦੀ ਪ੍ਰਕਿਰਿਆ ਦੌਰਾਨ ਕਿਸੇ ਯੋਗ ਵੋਟਰ ਦਾ ਨਾਮ ਗਲਤੀ ਨਾਲ ਵੋਟਰ ਸੂਚੀ ਵਿੱਚੋਂ ਬਾਹਰ ਰਹਿ ਜਾਂਦਾ ਹੈ ਤਾਂ ਉਸ ਦੀ ਤੁਰੰਤ ਜਾਂਚ ਕਰਕੇ ਨਾਮ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਹਟਾਏ ਗਏ ਹਰੇਕ ਨਾਮ ਦਾ ਕਾਰਨ ਜਨਤਕ ਕੀਤਾ ਜਾਵੇ ਅਤੇ ਯੋਗ ਵੋਟਰਾਂ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇ।
ਆਗੂਆਂ ਨੇ ਕਿਹਾ ਕਿ ਵੋਟਰ ਸੂਚੀ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਲੋਕਤੰਤਰੀ ਪ੍ਰਕਿਰਿਆ ਲਈ ਬਹੁਤ ਜ਼ਰੂਰੀ ਹੈ ਅਤੇ ਕਿਸੇ ਵੀ ਯੋਗ ਨਾਗਰਿਕ ਨੂੰ ਆਪਣਾ ਵੋਟ ਦਾ ਅਧਿਕਾਰ ਵਰਤਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਮੰਗ ਕੀਤੀ ਕਿ ਐਸਆਈਆਰ ਨਾਲ ਸਬੰਧਤ ਇਤਰਾਜ਼ਾਂ ਅਤੇ ਦਾਅਵਿਆਂ ਦਾ ਨਿਰਪੱਖ ਢੰਗ ਨਾਲ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਪ੍ਰੋ. ਜਗਮੋਹਨ ਸਿੰਘ, ਜਸਵੰਤ ਜੀਰਖ, ਸਤਨਾਮ ਸਿੰਘ ਧਾਲੀਵਾਲ , ਡਾ. ਹਰਬੰਸ ਸਿੰਘ ਗਰੇਵਾਲ, ਬਾਪੂ ਬਲਕੌਰ ਸਿੰਘ, ਬਲਵਿੰਦਰ ਸਿੰਘ, ਧਰਮ ਸਿੰਘ ਸੂਜਾਪੁਰ, ਗੁਰਵਿੰਦਰ ਸਿੰਘ, ਕਰਤਾਰ ਵੀਰਾਨ, ਰਪਿੰਦਰ ਸਿੰਘ, ਰਾਜਿੰਦਰ ਜੰਡਿਆਲੀ, ਐਡਵੋਕੇਟ ਹਰਪ੍ਰੀਤ ਜੀਰਖ, ਰਕੇਸ਼ ਕੁਮਾਰ, ਧਰਮਪਾਲ ਸਿੰਘ,ਅਜਮੇਰ ਦਾਖਾ,ਐਡਵੋਕੇਟ ਨਰਿੰਦਰ ਸਿੰਘ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਕਾਰਕੁਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।