ਸ਼ਹਿਰ ਦੀਆਂ ਸਮੱਸਿਆਵਾਂ ਤੇ ਟੋਇਆਂ ਦਾ ਹੱਲ ਕਰਨ ਦੀ ਮੰਗ ਸ਼ਹਿਰ ਦੀਆਂ ਸਮੱਸਿਆਵਾਂ ਤੇ ਟੋਇਆਂ ਦਾ ਹੱਲ ਕਰਨ ਦੀ ਮੰਗ
Publish Date: Mon, 13 Jul 2026 08:41 PM (IST)
Updated Date: Mon, 13 Jul 2026 08:42 PM (IST)
- ਹਰੀਸ਼ ਗੁਪਤਾ ਨੇ ਜਲਦੀ ਹੱਲ ਕਰਨ ਦਾ ਦਿੱਤਾ ਭਰੋਸਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਉੱਘੇ ਸਮਾਜ ਸੇਵੀ ਅਤੇ ਸੰਸਥਾ ‘ਵਾਇਸ ਆਫ਼ ਖੰਨਾ ਸਿਟੀਜ਼ਨਜ਼’ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ’ਚ ਨਗਰ ਕੌਂਸਲ ਖੰਨਾ ਦੇ ਨਵੇਂ ਬਣੇ ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ, ਕਾਰਜ ਸਾਧਕ ਅਫਸਰ ਚਰਨਜੀਤ ਸਿੰਘ, ਨਵ-ਨਿਯੁਕਤ ‘ਆਪ’ ਬਲਾਕ ਪ੍ਰਧਾਨ ਗੁਰਮੁਖ ਸਿੰਘ ਭੰਬਰਾ ਤੇ ਪਹਿਲੀ ਵਾਰ ਬਣੇ ਕੌਂਸਲਰਾਂ ਨੀਸ਼ੂ ਕਪਿਲਾ ਤੇ ਰਾਜ ਲਖੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਿੰਸ ਨੇ ਨਵੀਂ ਚੁਣੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹਨ ਕਿ ਪਹਿਲੀ ਹੀ ਮੀਟਿੰਗ ’ਚ ਸ਼ਹਿਰ ’ਚ ਆਵਾਰਾ ਕੁੱਤਿਆਂ ਲਈ ਸ਼ੈਲਟਰ ਹੋਮ ਬਣਾਉਣ ਦੀ ਪ੍ਰਮੁੱਖ ਮੰਗ ਨੂੰ ਪ੍ਰਵਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ੈਲਟਰ ਹੋਮ ਬਣਨ ਨਾਲ ਆਵਾਰਾ ਕੁੱਤਿਆਂ ਦੀ ਵੱਡੀ ਸਮੱਸਿਆ ਤੋਂ ਆਮ ਲੋਕਾਂ ਨੂੰ ਰਾਹਤ ਮਿਲੇਗੀ। ਪ੍ਰਿੰਸ ਨੇ ਕਿਹਾ ਕਿ ਸਰਵਿਸ ਸੜਕਾਂ ’ਤੇ ਬਣੇ ਛੋਟੇ-ਵੱਡੇ ਟੋਇਆਂ ਨੂੰ ਜਲਦੀ ਭਰਨ, ਸੜਕਾਂ ਤੇ ਪੈਚ ਵਰਕ ਕਰਾਉਣ ਲਈ ਨਗਰ ਕੌਂਸਲ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਰਵਿਸ ਸੜਕਾਂ ਐੱਨਐੱਚਏਆਈ ਅਧੀਨ ਆਉਂਦੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਐੱਨਐੱਚਏਆਈ ਵੱਲੋਂ ਸੜਕਾਂ ਦੀ ਰਿਪੇਅਰ ਕਰਨ ਵੱਲ ਕੋਈ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਆਮ ਜਨਤਾ ਤੇ ਵਾਹਨ ਚਾਲਕ ਬਹੁਤ ਦੁਖੀ ਹਨ, ਹਰ ਸਮੇਂ ਕਿਸੇ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ। ਪ੍ਰਿੰਸ ਨੇ ਵਾਰਡ ਨੰਬਰ 16 ’ਚ ਬੱਦਰੀ ਵਾਲੀ ਗਲੀ ਦੀ ਮੁਰੰਮਤ ਕਰਾਉਣ, ਲਹਿਰੀ ਸਟਰੀਟ ’ਚ ਪੁਰਾਣੇ 7 ਨੰਬਰ ਸਕੂਲ ਕੋਲ ਪਏ ਪਲਾਟ ਨੂੰ ਫੈਲ ਰਹੀ ਗੰਦਗੀ, ਕੂੜਾ ਕਰਕਟ ਤੋਂ ਮੁਕਤ ਕਰਵਾਉਣ, ਸਫਾਈ ਦੇ ਪੁਖਤਾ ਪ੍ਰਬੰਧ ਕਰਨ, ਵਾਰਡ ਨੰਬਰ 23 ’ਚ ਡਾ. ਖੁਰਾਣਾ ਦੀ ਬੈਕਸਾਈਡ ਵਾਲੀ ਗਲੀ ਦੀ ਮੁਰੰਮਤ ਕਰਾਉਣ, ਨਰੋਤਮ ਨਗਰ ਕੋਲ ਟੈਲੀਫੋਨ ਐਕਸਚੇਂਜ ਵਾਲੀ ਲਾਈਨ ’ਚ ਪ੍ਰਧਾਨ ਮੰਤਰੀ ਸ਼ੌਚਾਲਿਆ ਸਕੀਮ ਤਹਿਤ ਰੱਖੀਆਂ ਹੋਈਆਂ ਬਿਨਾਂ ਦਰਵਾਜੇ ਵਾਲੀਆਂ ਦੋ ਟਾਇਲਟਸ ਦਾ ਮੁੱਦਾ ਵੀ ਚੁੱਕਿਆ ਅਤੇ ਉਕਤ ਟਾਇਲਟਸ ਦੇ ਦਰਵਾਜੇ ਲਗਾਉਣ ਦਾ ਉਪਰਾਲਾ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਨਾਂ ’ਤੇ ਮੰਗ ਪੱਤਰ ਸੌਂਪ ਕੇ ਅਨਾਜ ਮੰਡੀ ਦੇ ਬਾਹਰ ਪਿਛਲੇ ਸਮੇਂ ’ਚ ਸੰਸਥਾ ‘ਵਾਇਸ ਆਫ਼ ਖੰਨਾ ਸਿਟੀਜ਼ਨਜ਼’ ਵੱਲੋਂ ਵਿੱਢੇ ਸੰਘਰਸ ਤੋਂ ਬਾਅਦ ਚੁੱਕੇ ਕੂੜੇ ਦੇ ਡੰਪ ਵਾਲੇ ਸਥਾਨ ਨੂੰ ਕੂੜਾ ਕਰਕਟ ਮੁਕਤ ਬਣਾਉਣ ਲਈ ਇੰਟਰਲਾਕਿੰਗ ਟਾਈਲਾਂ ਲਗਾਉਣ ਦੀ ਮੰਗ ਰੱਖੀ। ਮੀਟਿੰਗ ’ਚ ਜੀਟੀ ਰੋਡ ’ਤੇ ਪੈਦਲ ਰਾਹਗੀਰਾਂ ਲਈ ਸਾਈਡਾਂ ’ਤੇ ਰਸਤਾ ਬਣਾਉਣ ਸਬੰਧੀ ਵੀ ਸੁਝਾਅ ਦਿੱਤੇ ਗਏ। ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਨੇ ਸਾਰੀਆਂ ਮੁਸਕਲਾਂ, ਸਮੱਸਿਆਵਾਂ ਅਤੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਜਲਦ ਹੀ ਯਕੀਨੀ ਤੇ ਠੋਸ ਹੱਲ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਅਸ਼ਵਨੀ ਸ਼ਰਮਾ, ਸ਼ੇਰ ਸਿੰਘ, ਵਿਕਾਸ ਗੁਪਤਾ, ਡਾ. ਰਾਹੁਲ ਸ਼ੁਕਲਾ, ਇਸ਼ਵਿੰਦਰ ਸਿੰਘ ਹੈਪੀ, ਐਡਵੋਕੇਟ ਸੰਜੀਵ ਸਹੋਤਾ, ਹਰਿੰਦਰ ਰਾਜੇਵਾਲੀਆ, ਲੱਕੀ ਵਰਮਾ, ਪ੍ਰੇਮ ਕਪੂਰ ਕਾਕੂ, ਐਡਵੋਕੇਟ ਅਭਿਸ਼ੇਕ ਰਾਜ, ਪਰਮਜੀਤ ਸਿੰਘ ਪੰਮੀ, ਗੁਰਸੀਰਤ ਸਿੰਘ, ਸੰਜੀਵ ਕੁਮਾਰ ਕਿੱਟੂ ਆਦਿ ਹਾਜ਼ਰ ਸਨ।