ਸੜਕ ਦਾ ਨਾਂ ਆਜ਼ਾਦੀ ਘੁਲਾਟੀਏ ਕਾਮਰੇਡ ਚਮਕ ਦੇ ਨਾਂ 'ਤੇ ਰੱਖਣ ਦੀ ਮੰਗ ਸੜਕ ਦਾ ਨਾਂ ਆਜ਼ਾਦੀ ਘੁਲਾਟੀਏ ਕਾਮਰੇਡ ਚਮਕ ਦੇ ਨਾਂ 'ਤੇ ਰੱਖਣ ਦੀ ਕੀਤੀ ਮੰਗ
Publish Date: Tue, 14 Jul 2026 08:36 PM (IST)
Updated Date: Wed, 15 Jul 2026 04:11 AM (IST)
ਸੁਸ਼ੀਲ ਵਰਮਾ, ਪੰਜਾਬੀ ਜਾਗਰਣ, ਰਾਏਕੋਟ : ਸੀਪੀਆਈ (ਐੱਮ) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਛਪਾਰ ਤੋਂ ਲੋਹਟਬੱਦੀ ਤੱਕ ਸੜਕ ਦਾ ਨਾਂ ਆਜ਼ਾਦੀ ਘੁਲਾਟੀਏ ਅਤੇ ਮਹਾਨ ਦੇਸ਼ ਭਗਤ ਕਾਮਰੇਡ ਹਰਨਾਮ ਸਿੰਘ ਚਮਕ ਦੇ ਨਾਂ ਤੇ ਰੱਖਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਾਮਰੇਡ ਹਰਨਾਮ ਸਿੰਘ ਚਮਕ ਇਲਾਕੇ ਦੇ ਪ੍ਰਸਿੱਧ ਦੇਸ਼ ਭਗਤ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ 19 ਸਾਲ 2 ਮਹੀਨੇ ਕੈਦ ਕੱਟੀ ਅਤੇ 18 ਸਾਲ ਜਲਾਵਤਨ ਰਹੇ। ਉਨ੍ਹਾਂ ਕਿਹਾ ਕਿ ਕਾਮਰੇਡ ਹਰਨਾਮ ਸਿੰਘ ਚਮਕ ਦਾ ਘਰ ਗ਼ਦਰ ਪਾਰਟੀ ਦਾ ਮੁੱਖ ਅੱਡਾ ਪਨਾਹਗਾਹ ਸੀ। ਇੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਆਉਣਾ ਜਾਣਾ ਸੀ। ਲੋਹਟਬੱਦੀ ਵਿਖੇ ਬੰਬ ਫੈਕਟਰੀ ਵੀ ਕਾਮਰੇਡ ਹਰਨਾਮ ਸਿੰਘ ਚਮਕ ਦੇ ਪਰਿਵਾਰ ਦੇ ਕਹਿਣ ਤੇ ਲਗਾਈ ਗਈ ਸੀ। ਕਾਮਰੇਡ ਚਮਕ ਦਾ ਸਾਰਾ ਪਰਿਵਾਰ ਹੀ ਗ਼ਦਰ ਪਾਰਟੀ ਵਿੱਚ ਸ਼ਾਮਿਲ ਸੀ। ਜਿਸ ਵਕਤ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਗ੍ਰਿਫ਼ਤਾਰੀ ਹੋਈ ਤਾਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਜੇਲ੍ਹ ਤੋਂ ਛੁਡਵਾਉਣ ਅਤੇ ਕੇਸ ਲੜਨ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ ਰੇਲ ਗੱਡੀ ਵਿੱਚ ਖ਼ਜ਼ਾਨੇ ਨੂੰ ਲੁੱਟਣ ਦੀ ਸਕੀਮ ਬਣਾਈ ਗਈ, ਜਿਸ ਨੂੰ ਇਤਿਹਾਸ ਵਿੱਚ ਅਹਿਮਦਗੜ੍ਹ ਰੇਲ ਡਕੈਤੀ ਕੇਸ ਕਿਹਾ ਜਾਂਦਾ ਹੈ। ਇਸ ਕੇਸ ਵਿੱਚ ਕਾਮਰੇਡ ਹਰਨਾਮ ਸਿੰਘ ਚਮਕ ਨੂੰ 10 ਸਾਲ ਦੀ ਕੈਦ ਹੋਈ। ਉਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਬਣੇ। ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਹਰਨਾਮ ਸਿੰਘ ਚਮਕ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਦੇਸ਼ ਨੂੰ ਗ਼ੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਇਆ। ਉਨ੍ਹਾਂ ਨੇ ਸਾਰੀ ਉਮਰ ਦੱਬੇ ਕੁਚਲੇ ਲੋਕਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਕਾਮਰੇਡ ਸੇਖੋਂ ਨੇ ਮੰਗ ਕੀਤੀ ਕਿ ਛਪਾਰ ਤੋਂ ਲੋਹਟਬੱਦੀ ਤੱਕ 10 ਕਿਲੋਮੀਟਰ ਸੜਕ ਦਾ ਨਾਂ ਕਾਮਰੇਡ ਹਰਨਾਮ ਸਿੰਘ ਚਮਕ ਦੇ ਨਾਂ ਤੇ ਰੱਖਿਆ ਜਾਵੇ। ਆਉਣ ਵਾਲੀ ਪੀੜ੍ਹੀ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਮਿਲੇਗੀ। ਇਹ ਕਾਮਰੇਡ ਹਰਨਾਮ ਸਿੰਘ ਚਮਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।