ਜਨਤਾ ਨਗਰ ਦੇ ਕਾਰਖਾਨਿਆਂ ਨੂੰ ਸਨਅਤੀ ਜ਼ੋਨ ਐਲਾਨਣ ਦੀ ਮੰਗ 1 ਨੰਬਰ ਦੀ ਬੌਟਮ-ਜਨਤਾ ਨਗਰ ਦੇ 50 ਹਜ਼ਾਰ ਕਾਰਖਾਨਿਆਂ ਨੂੰ ਬਚਾਉਣ ਲਈ ਇਲਾਕਿਆਂ ਨੂੰ ਸਨਅਤੀ ਜ਼ੋਨ ਐਲਾਨਣ ਦੀ ਮੰਗ
Publish Date: Tue, 15 Sep 2026 06:42 PM (IST)
Updated Date: Wed, 16 Sep 2026 04:06 AM (IST)
-ਵਿਧਾਇਕ ਸਿੱਧੂ ਨੇ ਮਾਮਲਾ ਸੀਐੱਮ ਦੇ ਧਿਆਨ ’ਚ ਲਿਆਉਣ ਦਾ ਦਿੱਤਾ ਭਰੋਸਾ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ (ਰਜਿ.) ਜਨਤਾ ਨਗਰ ਦੇ ਅਹੁਦੇਦਾਰਾਂ ਅਤੇ ਮੈਨੇਜਮੈਂਟ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਵਿਸ਼ਵਕਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਮਿਕਸ ਲੈਂਡ ਯੂਜ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਕਾਰਖਾਨਿਆਂ ’ਤੇ ਪੈਦਾ ਹੋਣ ਵਾਲੇ ਸੰਕਟ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਠੁਕਰਾਲ ਨੇ ਕਿਹਾ ਕਿ ਮਿਕਸ ਲੈਂਡ ਯੂਜ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਇਲਾਕੇ ਦੇ ਲਗਭਗ 50 ਹਜ਼ਾਰ ਕਾਰਖਾਨਿਆਂ ਦੇ ਗੈਰਕਾਨੂੰਨੀ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਕਾਰਨ ਸਨਅਤਕਾਰਾਂ ਵਿੱਚ ਚਿੰਤਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਛੋਟੇ ਉਦਯੋਗਾਂ ਅਤੇ ਉਨ੍ਹਾਂ ਨਾਲ ਜੁੜੇ ਰੁਜ਼ਗਾਰ ਨੂੰ ਬਚਾਉਣ ਲਈ ਇਨ੍ਹਾਂ ਇਲਾਕਿਆਂ ਨੂੰ ਸਨਅਤੀ ਜ਼ੋਨ ਐਲਾਨਿਆ ਜਾਣਾ ਚਾਹੀਦਾ ਹੈ। ਵਿਸ਼ਵਕਰਮਾ ਨੇ ਕਿਹਾ ਕਿ ਜਨਤਾ ਨਗਰ ਦੇ ਨਾਲ ਲੱਗਦੇ ਨਿਊ ਜਨਤਾ ਨਗਰ ਅਤੇ ਸ਼ਿਮਲਾਪੁਰੀ ਸਮੇਤ ਉਹ ਸਾਰੇ ਇਲਾਕੇ, ਜਿੱਥੇ 80 ਫ਼ੀਸਦੀ ਤੋਂ ਵੱਧ ਸਨਅਤੀ ਗਤੀਵਿਧੀਆਂ ਹਨ, ਨੂੰ ਸਨਅਤੀ ਇਲਾਕੇ ਐਲਾਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਇਲਾਕਿਆਂ ਵਿੱਚੋਂ ਫੈਕਟਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵੱਡੀ ਗਿਣਤੀ ਵਿੱਚ ਕਾਰਖਾਨੇ ਬੰਦ ਹੋ ਸਕਦੇ ਹਨ ਤੇ ਸਨਅਤਕਾਰਾਂ ਦੇ ਨਾਲ-ਨਾਲ ਕਾਮਿਆਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋਵੇਗੀ। ਵਿਧਾਇਕ ਸਿੱਧੂ ਨੇ ਕਿਹਾ ਕਿ ਮਿਕਸ ਲੈਂਡ ਯੂਜ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਅਤੇ ਇਸ ਨੂੰ ਵਿਧਾਨ ਸਭਾ ਵਿੱਚ ਵੀ ਉਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਜਲਦ ਫ਼ੈਸਲਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇੱਥੋਂ ਫੈਕਟਰੀ ਤਾਂ ਕੀ, ਇਕ ਮਸ਼ੀਨ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਇਸ ਸਬੰਧੀ ਜਲਦ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਮੀਟਿੰਗ ’ਚ ਅਮਰੀਕ ਸਿੰਘ ਘੜਿਆਲ, ਰਜਿੰਦਰ ਸਿੰਘ ਕਲਸੀ, ਹਰਜੀਤ ਸਿੰਘ ਪਨੇਸਰ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ, ਸੁਖਚੈਨ ਸਿੰਘ, ਸੁਮੇਸ਼ ਕੋਛੜ, ਗਗਨ ਸ਼ਰਮਾ, ਪਵਨ ਢੰਡ, ਅਸ਼ੋਕ ਪੱਬੀ, ਵਰਿੰਦਰ ਦੁਰਗਾ, ਰਜਨੀਸ਼ ਖੁੱਲਰ, ਬਲਦੇਵ ਸਿੰਘ ਮਠਾੜੂ, ਦਿਨੇਸ਼ ਗੋਗੀਆ, ਕੁਲਦੀਪ ਸਿੰਘ ਸੰਧੂ, ਬਲਜੀਤ ਸਿੰਘ ਮਹੋਲੀ, ਗੰਗਾ ਰਾਮ ਸ਼ਰਮਾ, ਜਸਵੰਤ ਸਿੰਘ ਪਨੇਸਰ, ਕੁਲਜੀਤ ਨੰਨੜੇ ਅਤੇ ਹਰਭਜਨ ਸਿੰਘ ਕੈਥ ਸਮੇਤ ਵੱਡੀ ਗਿਣਤੀ ’ਚ ਮੈਂਬਰ ਹਾਜ਼ਰ ਸਨ।