- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਤੇ ਜਰੂਰੀ ਖ਼ਬਰ-ਵਿਸ਼ਵ ਪੱਧਰੀ ਅਨਿਸ਼ਚਿਤਤਾ ਦਰਮਿਆਨ ਕਰਜ਼ਾ ਚੱਕਰ ਸੰਭਾਲਣ ’ਤੇ ਮੰਥਨ

-ਇਨਫੋਮੇਰਿਕਸ ਵੈਲੂਏਸ਼ਨ ਐਂਡ ਰੇਟਿੰਗ ਲਿਮਟਿਡ ਨੇ ‘ਆਈਵੀਆਰ ਕਨੈਕਟ 2026’ ਕਰਵਾਇਆ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਇਨਫੋਮੇਰਿਕਸ ਵੈਲੂਏਸ਼ਨ ਐਂਡ ਰੇਟਿੰਗ ਲਿਮਟਿਡ ਵੱਲੋਂ ਲੁਧਿਆਣਾ ਵਿਖੇ ‘ਆਈਵੀਆਰ ਕਨੈਕਟ 2026’ ਦਾ ਪ੍ਰਬੰਧ ਕੀਤਾ ਗਿਆ। ‘ਵਿਸ਼ਵ ਪੱਧਰੀ ਅਨਿਸ਼ਚਿਤਤਾ ਦਰਮਿਆਨ ਕਰਜ਼ਾ ਚੱਕਰ ਨੂੰ ਸੰਭਾਲਣਾ’ ਵਿਸ਼ੇ ’ਤੇ ਕਰਵਾਏ ਸਮਾਗਮ ’ਚ ਬੈਂਕਿੰਗ, ਵਿੱਤੀ ਸੇਵਾਵਾਂ ਤੇ ਸਨਅਤੀ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਇਸ ਦੌਰਾਨ ਬਦਲ ਰਹੇ ਕਰਜ਼ਾ ਪ੍ਰਬੰਧ, ਆਰਥਿਕ ਅਨਿਸ਼ਚਿਤਤਾਵਾਂ ਤੇ ਇਨ੍ਹਾਂ ਦੇ ਕਾਰੋਬਾਰ ਤੇ ਵਿੱਤੀ ਸੰਸਥਾਵਾਂ ’ਤੇ ਪੈ ਰਹੇ ਪ੍ਰਭਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਨਫੋਮੇਰਿਕਸ ਰੇਟਿੰਗਜ਼ ਦੇ ਗਰੁੱਪ ਮੁੱਖ ਕਾਰਜਕਾਰੀ ਅਧਿਕਾਰੀ ਸ਼ੁਭਮ ਜੈਨ ਨੇ ਕਿਹਾ ਕਿ ਕੰਪਨੀ ਨੇ ਆਪਣੇ 3600 ਤੋਂ ਵੱਧ ਗਾਹਕਾਂ ਦਾ ਮੁੱਲਾਂਕਣ ਕਰਕੇ 9 ਲੱਖ ਕਰੋੜ ਰੁਪਏ ਦਾ ਕਰਜ਼ਾ ਦਿਵਾਇਆ ਹੈ। ਕਰਜ਼ੇ ਦਾ ਮੁੱਲਾਂਕਣ ਕਰਦਿਆਂ ਨਕਦੀ ਦੇ ਪ੍ਰਵਾਹ ਦੀ ਸਥਿਰਤਾ ਅਤੇ ਲੰਬੇ ਸਮੇਂ ਤੱਕ ਇਸ ਨੂੰ ਕਾਇਮ ਰੱਖਣ ਦੀ ਸਮਰੱਥਾ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ। ‘ਆਈਵੀਆਰ ਕਨੈਕਟ’ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ, ਕਾਰੋਬਾਰੀਆਂ ਤੇ ਹੋਰ ਸਬੰਧਤ ਧਿਰਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਸਾਂਝਾ ਮੰਚ ਪ੍ਰਦਾਨ ਕਰਦਾ ਹੈ।
ਸਮਾਗਮ ਦੌਰਾਨ ਕਰਵਾਏ ਵਿਚਾਰ-ਵਟਾਂਦਰਾ ਸੈਸ਼ਨ ਦਾ ਸੰਚਾਲਨ ਇਨਫੋਮੇਰਿਕਸ ਰੇਟਿੰਗ ਦੇ ਮੁੱਖ ਵਿਸ਼ਲੇਸ਼ਣ ਅਧਿਕਾਰੀ ਹਰਸ਼ ਜਗਨਾਨੀ ਨੇ ਕੀਤਾ। ਇਸ ਵਿੱਚ ਰਾਲਸਨ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਪਾਹਵਾ, ਮੋਂਟੇ ਕਾਰਲੋ ਫੈਸ਼ਨਜ਼ ਲਿਮਟਿਡ ਦੇ ਕਾਰਜਕਾਰੀ ਡਾਇਰੈਕਟਰ ਸੰਦੀਪ ਜੈਨ, ਯੂਨੀਅਨ ਬੈਂਕ ਆਫ਼ ਇੰਡੀਆ ਦੇ ਚੰਡੀਗੜ੍ਹ ਖੇਤਰ ਦੇ ਜਨਰਲ ਮੈਨੇਜਰ ਤੇ ਅੰਚਲ ਮੁਖੀ ਮਨੋਜ ਕੁਮਾਰ ਤੇ ਭਾਰਤੀ ਸਟੇਟ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਨੀਰਜ ਕੁਮਾਰ ਨੇ ਸ਼ਮੂਲੀਅਤ ਕੀਤੀ। ਸੈਸ਼ਨ ਵਿੱਚ ਬੈਂਕਿੰਗ ਤੇ ਸਨਅਤੀ ਖੇਤਰ ਦੇ ਨਜ਼ਰੀਏ ਨੂੰ ਇੱਕੋ ਮੰਚ ’ਤੇ ਰੱਖਿਆ। ਬੁਲਾਰਿਆਂ ਨੇ ਕਰਜ਼ਾ ਪ੍ਰਬੰਧ ’ਚ ਆ ਰਹੀਆਂ ਤਬਦੀਲੀਆਂ, ਵਿੱਤੀ ਲੋੜਾਂ, ਨਕਦੀ ਪ੍ਰਬੰਧਨ, ਕਾਰੋਬਾਰ ਦੀ ਬੁਨਿਆਦੀ ਮਜ਼ਬੂਤੀ ਤੇ ਬਦਲਦੇ ਆਰਥਿਕ ਹਾਲਾਤ ਅਨੁਸਾਰ ਪਹਿਲਾਂ ਤੋਂ ਤਿਆਰੀ ਰੱਖਣ ਦੀ ਮਹੱਤਤਾ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਾਰੋਬਾਰਾਂ ਲਈ ਉੱਭਰ ਰਹੇ ਜੋਖ਼ਮਾਂ ਦਾ ਪ੍ਰਬੰਧਨ ਕਰਦੇ ਹੋਏ ਵਿੱਤੀ ਮਜ਼ਬੂਤੀ ਕਾਇਮ ਰੱਖਣਾ ਤੇ ਨਵੇਂ ਮੌਕਿਆਂ ਦੀ ਪਛਾਣ ਕਰਨਾ ਮਹੱਤਵਪੂਰਨ ਹੈ।
ਲੁਧਿਆਣਾ ਦੇ ਕੱਪੜਾ ਤੇ ਹੌਜ਼ਰੀ ਖੇਤਰ ਦੇ ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਸੰਦਰਭ ’ਚ ਸੂਤ ਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ, ਬਕਾਇਆ ਰਕਮ ਦੀ ਵਸੂਲੀ ਵਿੱਚ ਦੇਰੀ ਤੇ ਘਰੇਲੂ ਤੇ ਕੌਮਾਂਤਰੀ ਬਾਜ਼ਾਰਾਂ ਤੋਂ ਮਿਲਣ ਵਾਲੇ ਆਰਡਰਾਂ ’ਚ ਤਬਦੀਲੀ ਵਰਗੀਆਂ ਚੁਣੌਤੀਆਂ ’ਤੇ ਵੀ ਵਿਚਾਰ ਹੋਇਆ। ਅਜਿਹੇ ਹਾਲਾਤ ’ਚ ਸਮੇਂ ਸਿਰ ਅਤੇ ਕਾਰੋਬਾਰ ਦੀਆਂ ਲੋੜਾਂ ਅਨੁਸਾਰ ਕਰਜ਼ਾ ਉਪਲਬਧ ਹੋਣਾ ਉਤਪਾਦਨ ਜਾਰੀ ਰੱਖਣ, ਕਾਰਜਸ਼ੀਲ ਪੂੰਜੀ ਦਾ ਪ੍ਰਬੰਧ ਕਰਨ ਤੇ ਕਾਰੋਬਾਰ ਦੀ ਨਿਰੰਤਰਤਾ ਲਈ ਅਹਿਮ ਦੱਸਿਆ।