ਬਿਜਲੀ ਦੀ ਘੱਟ ਸਪਲਾਈ ਤੋਂ ਸਨਅਤਕਾਰ ਤੇ ਲੋਕ ਪਰੇਸ਼ਾਨ : ਹੌਬੀ ਹੌਬੀ ਦੀ ਅਗਵਾਈ ’ਚ ਵਫ਼ਦ ਵੱਲੋਂ ਪੀਐਸਪੀਸੀਐਲ ਦੇ ਮੁੱਖ ਇੰਜੀਨੀਅਰ ਨਾਲ ਮੁਲਾਕਾਤ
Publish Date: Mon, 24 Aug 2026 09:44 PM (IST)
Updated Date: Tue, 25 Aug 2026 04:04 AM (IST)
ਫ਼ੋਟੋ ਨੰਬਰ-40 ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਸ਼ਹਿਰ ਵਿੱਚ ਪਿਛਲੇ ਕੁੱਝ ਸਮੇਂ ਤੋਂ ਬਿਜਲੀ ਦੀ ਘੱਟ ਅਤੇ ਨਾਕਾਫ਼ੀ ਸਪਲਾਈ ਕਾਰਨ ਉਦਯੋਗਾਂ, ਵਪਾਰਕ ਅਦਾਰਿਆਂ, ਸ਼ੋਅਰੂਮਾਂ, ਦੁਕਾਨਦਾਰਾਂ ਤੇ ਆਮ ਨਿਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਭਾਜਪਾ ਪੰਜਾਬ ਦੇ ਆਗੂ ਤੇ ਸਟੂਡੈਂਟਸ ਡੈਮੋਕਰੇਟਿਕ ਫੈੱਡਰੇਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਹੌਬੀ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐੱਸਪੀਸੀਐੱਲ) ਦੇ ਮੁੱਖ ਇੰਜੀਨੀਅਰ ਲੁਧਿਆਣਾ ਜਗਦੇਵ ਸਿੰਘ ਹਾਂਸ ਨੂੰ ਮੰਗ ਸੌਂਪ ਕੇ ਬਿਜਲੀ ਸਪਲਾਈ ਵਿੱਚ ਤੁਰੰਤ ਸੁਧਾਰ ਦੀ ਮੰਗ ਕੀਤੀ ਗਈ। ਹੌਬੀ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਪ੍ਰਮੁੱਖ ਸਨਅਤੀ ਤੇ ਵਪਾਰਕ ਕੇਂਦਰ ਹੈ, ਜਿੱਥੇ ਹਜ਼ਾਰਾਂ ਉਦਯੋਗ, ਵਪਾਰਕ ਅਦਾਰੇ, ਸ਼ੋਅਰੂਮ ਤੇ ਦੁਕਾਨਾਂ ਆਪਣਾ ਕਾਰੋਬਾਰ ਚਲਾ ਰਹੀਆਂ ਹਨ। ਬਿਜਲੀ ਦੀ ਨਾਕਾਫ਼ੀ ਸਪਲਾਈ ਕਾਰਨ ਇਨ੍ਹਾਂ ਦੇ ਰੋਜ਼ਾਨਾ ਕੰਮਕਾਜ ਤੇ ਉਤਪਾਦਨ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਘੱਟ ਉਪਲਬਧਤਾ ਕਾਰਨ ਉਦਯੋਗਿਕ ਇਕਾਈਆਂ ਵਿੱਚ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ, ਜਦਕਿ ਦੁਕਾਨਾਂ, ਸ਼ੋਅਰੂਮਾਂ, ਦਫ਼ਤਰਾਂ ਅਤੇ ਹੋਰ ਵਪਾਰਕ ਅਦਾਰਿਆਂ ਵਿੱਚ ਕੰਪਿਊਟਰ, ਬਿਲਿੰਗ ਸਿਸਟਮ, ਏਸੀ, ਰੈਫ੍ਰਿਜਰੇਸ਼ਨ ਤੇ ਹੋਰ ਜ਼ਰੂਰੀ ਉਪਕਰਨਾਂ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ। ਹੌਬੀ ਨੇ ਕਿਹਾ ਕਿ ਇਸ ਦਾ ਪ੍ਰਭਾਵ ਆਮ ਪਰਿਵਾਰਾਂ ਤੇ ਵੀ ਪੈ ਰਿਹਾ ਹੈ। ਬਿਜਲੀ ਦੀ ਘੱਟ ਸਪਲਾਈ ਕਾਰਨ ਪੱਖੇ, ਏਸੀ, ਪਾਣੀ ਦੀਆਂ ਮੋਟਰਾਂ ਤੇ ਹੋਰ ਘਰੇਲੂ ਜ਼ਰੂਰੀ ਉਪਕਰਨ ਚਲਾਉਣ ਵਿੱਚ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ। ਲੋਕਾਂ ਨੂੰ ਬਿਜਲੀ ਦੀ ਘਾਟ ਪੂਰੀ ਕਰਨ ਲਈ ਇਨਵਰਟਰਾਂ ਤੇ ਜਨਰੇਟਰਾਂ ਤੇ ਵਾਧੂ ਖਰਚ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਰੋਸੇਯੋਗ ਤੇ ਲੋੜ ਅਨੁਸਾਰ ਬਿਜਲੀ ਸਪਲਾਈ ਸਿਰਫ਼ ਲੋਕਾਂ ਦੀ ਸਹੂਲਤ ਹੀ ਨਹੀਂ, ਸਗੋਂ ਲੁਧਿਆਣਾ ਦੀ ਉਦਯੋਗਿਕ ਤੇ ਆਰਥਿਕ ਤਰੱਕੀ ਲਈ ਵੀ ਬਹੁਤ ਜ਼ਰੂਰੀ ਹੈ। ਹੌਬੀ ਨੇ ਪੀਐੱਸਪੀਸੀਐੱਲ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਤੇ ਫੀਡਰਾਂ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜਿੱਥੇ ਬਿਜਲੀ ਦੀ ਮੰਗ ਦੇ ਮੁਕਾਬਲੇ ਸਪਲਾਈ ਘੱਟ ਹੈ, ਉੱਥੇ ਟਰਾਂਸਫਾਰਮਰਾਂ, ਫੀਡਰਾਂ ਤੇ ਡਿਸਟ੍ਰੀਬਿਊਸ਼ਨ ਸਿਸਟਮ ਦੀ ਸਮਰੱਥਾ ਵਧਾਈ ਜਾਵੇ। ਉਨ੍ਹਾਂ ਖਾਸ ਤੌਰ ਤੇ ਮੰਗ ਕੀਤੀ ਕਿ ਸਨਅਤੀ ਖੇਤਰਾਂ, ਪ੍ਰਮੁੱਖ ਬਾਜ਼ਾਰਾਂ, ਸ਼ੋਅਰੂਮਾਂ, ਵਪਾਰਕ ਖੇਤਰਾਂ ਤੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕਿਆਂ ’ਚ ਬਿਜਲੀ ਦੀ ਸਪਲਾਈ ਨੂੰ ਤਰਜੀਹ ਦੇ ਆਧਾਰ ਤੇ ਸੁਧਾਰਿਆ ਜਾਵੇ। ਲੁਧਿਆਣਾ ਦੇ ਸਨਅਤ ਤੇ ਵਪਾਰ ਪੰਜਾਬ ਦੀ ਅਰਥਵਿਵਸਥਾ ਅਤੇ ਰੋਜ਼ਗਾਰ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ, ਇਸ ਲਈ ਬਿਜਲੀ ਦੀ ਨਾਕਾਫ਼ੀ ਸਪਲਾਈ ਨੂੰ ਇੱਕ ਗੰਭੀਰ ਜਨਤਕ ਤੇ ਆਰਥਿਕ ਮੁੱਦੇ ਵਜੋਂ ਲੈਂਦੇ ਹੋਏ ਪੀਐੱਸਪੀਸੀਐੱਲ ਨੂੰ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਹੌਬੀ ਨੇ ਆਸ ਪ੍ਰਗਟਾਈ ਕਿ ਪੀਐਸਪੀਸੀਐਲ ਦੇ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੁਧਿਆਣਾ ਦੇ ਲੋਕਾਂ, ਉਦਯੋਗਾਂ ਤੇ ਵਪਾਰੀਆਂ ਨੂੰ ਬਿਜਲੀ ਦੀ ਯੋਗ ਅਤੇ ਭਰੋਸੇਯੋਗ ਸਪਲਾਈ ਯਕੀਨੀ ਬਣਾਉਣ ਲਈ ਜਲਦ ਕਾਰਵਾਈ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ ਬਿਰਦੀ, ਗੁਰਨਿੰਦਰ ਸਿੰਘ ਗੋਜੀ, ਗੁਰਪ੍ਰੀਤ ਸਿੰਘ ਸਰਨਾ, ਤਜਿੰਦਰ ਸਿੰਘ ਸਭਰਵਾਲ ਅਤੇ ਗੋਪਾਲ ਸ਼ਰਮਾ ਆਦਿ ਹਾਜ਼ਰ ਸਨ।