- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਮਰੇਡ ਅਜਮੇਰ ਸਿੰਘ ਸਮਰਾ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸੀਪੀਆਈ ਮਲ ਨਿਊ ਡੈਮੋਕਰੇਸੀ ਦੇ ਆਗੂ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਾਬਕਾ ਪ੍ਰਧਾਨ, ਇਨਕਲਾਬੀ ਮੈਗਜ਼ੀਨ ਹਰਿਆਵਲ ਦਸਤਾ ਦੇ ਸੰਪਾਦਕ ਕਾਮਰੇਡ ਅਜਮੇਰ ਸਿੰਘ ਸਮਰਾ ਦੇ ਵਿਛੋੜੇ ’ਤੇ ਇਨਕਲਾਬੀ ਕੇਂਦਰ ਪੰਜਾਬ ਨੇ ਡੂੰਘਾ ਦੁੱਖ ਪ੍ਰਗਟਾਇਆ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ, ਲਾਲ ਪਰਚਮ ਦੇ ਸੰਪਾਦਕ ਕਾਮਰੇਡ ਮੁਖਤਿਆਰ ਪੂਹਲਾ, ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਕਾਮਰੇਡ ਸੁਰਿੰਦਰ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਪ੍ਰਿਤਪਾਲ ਸਿੰਘ, ਜਸਵੰਤ ਜੀਰਖ ਅਨੁਸਾਰ ਕਾਮਰੇਡ ਸਮਰਾ ਨੇ ਰਾਮਗੜ੍ਹੀਆ ਕਾਲਜ ਫਗਵਾੜਾ ’ਚ ਵਿਦਿਆਰਥੀ ਜੀਵਨ ਤੋਂ ਲੈ ਕੇ ਅੰਤ ਤੱਕ ਸਾਰੀ ਉਮਰ ਲੋਕਾਈ ਨੂੰ ਸਮਰਪਿਤ ਜੀਵਨ ਜੀਵਿਆ ਹੈ। ਸਾਰੀ ਉਮਰ ਲੋਕ ਸੰਘਰਸ਼ਾਂ ਦੀ ਅਗਵਾਈ ਕਰਦਿਆਂ ਉਨ੍ਹਾਂ ਲੁੱਟ ਤੇ ਜਬਰ ਰਹਿਤ ਸਮਾਜ ਦੀ ਉਸਾਰੀ ਦੇ ਸੰਘਰਸ਼ ’ਚ ਗਿਣਨਯੋਗ ਤੇ ਫਖਰਯੋਗ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾ ਬੇਹੱਦ ਸੰਵੇਦਨਸ਼ੀਲ, ਇਮਾਨਦਾਰ,ਮੁਹੱਬਤੀ ਨਿਸਵਾਰਥ ਤੇ ਸਮਰਪਿਤ ਜੀਵਨ ਸਮਾਜ ਬਦਲੀ ਦੀਆਂ ਸ਼ਕਤੀਆਂ ਲਈ ਇਕ ਮਾਰਗਦਰਸ਼ਕ ਬਣਿਆ ਰਹੇਗਾ। ਕਾਮਰੇਡ ਅਜਮੇਰ ਸਿੰਘ ਸਮਰਾ ਦਾ ਵਿਛੋੜਾ ਕਮਿਉਨਿਸਟ ਇਨਕਲਾਬੀ ਲਹਿਰ ਲਈ ਇਕ ਵੱਡਾ ਸਦਮਾ ਹੈ। ਉਨ੍ਹਾਂ ਦੇ ਆਦਰਸ਼ਕ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਸਮਾਜਵਾਦ ਦੀ ਸਥਾਪਨਾ ਦੇ ਕਠਿਨ ਕਾਰਜ ਨੂੰ ਸਰ ਕਰਨ ਦਾ ਪ੍ਰਣ ਲੈਂਦਿਆਂ ਉਨ੍ਹਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।