ਰੇਲਵੇ ਲਾਈਨ ਕਿਨਾਰੇ ਨਾਜਾਇਜ਼ ਮਿੱਟੀ ਪੁੱਟਣ ਕਾਰਨ ਬਣੇ ਡੂੰਘੇ ਟੋਏ ਰੇਲਵੇ ਲਾਈਨ ਕਿਨਾਰੇ ਨਾਜਾਇਜ਼ ਮਿੱਟੀ ਪੁੱਟਣ ਕਾਰਨ ਬਣੇ ਡੂੰਘੇ ਟੋਏ ਲੋਕਾਂ ਦੀ ਸੁਰੱਖਿਆ ਲਈ ਵੱਡਾ ਖਤਰਾ
Publish Date: Sat, 18 Jul 2026 08:13 PM (IST)
Updated Date: Sun, 19 Jul 2026 04:04 AM (IST)
ਲੋਕਾਂ ਦੀ ਸੁਰੱਖਿਆ ਲਈ ਵੱਡਾ ਖਤਰਾ ਨਾਜਾਇਜ਼ ਖੁਦਾਈ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਕੀਤੀ ਮੰਗ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸਮਾਜ ਸੇਵੀ ਤੇ ਆਰਟੀਆਈ ਐਕਟੀਵਿਸਟ ਅਰਵਿੰਦ ਸ਼ਰਮਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸ਼ਹੀਦ ਭਗਤ ਸਿੰਘ ਨਗਰ 475 ਏਕੜ ਸਕੀਮ ਲੁਧਿਆਣਾ ਨਜ਼ਦੀਕ ਰੇਲਵੇ ਲਾਈਨ ਕਿਨਾਰੇ ਨਾਜਾਇਜ਼ ਮਿੱਟੀ ਪੁੱਟਣ ਕਾਰਨ ਬਣੇ ਡੂੰਘੇ ਟੋਏ ਪੈ ਗਏ ਹਨ, ਜੋ ਲੋਕਾਂ ਦੀ ਸੁਰੱਖਿਆ ਲਈ ਵੱਡਾ ਖਤਰਾ ਬਣੇ ਹੋਏ ਹਨ। ਇਸ ਗੰਭੀਰ ਜਨਤਕ ਸੁਰੱਖਿਆ ਮੁੱਦੇ ਵਾਲੇ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ 475 ਏਕੜ ਸਕੀਮ 1 ਅਪ੍ਰੈਲ 2026 ਨੂੰ ਲੁਧਿਆਣਾ ਇੰਪਰੂਵਮੈਂਟ ਟਰੱਸਟ ਵੱਲੋਂ ਨਗਰ ਨਿਗਮ ਲੁਧਿਆਣਾ ਨੂੰ ਸੌਂਪੀ ਗਈ ਸੀ, ਜਿਸ ਦੇ ਡੀ ਬਲਾਕ ਅਤੇ ਭਾਈ ਦਯਾ ਸਿੰਘ ਹਸਪਤਾਲ ਦੇ ਸਾਹਮਣੇ ਰੇਲਵੇ ਲਾਈਨ ਕਿਨਾਰੇ ਨਾਜਾਇਜ਼ ਮਿੱਟੀ ਦੀ ਖੁਦਾਈ ਹੋਈ ਹੈ। ਇਸ ਕਾਰਨ ਕਈ ਡੂੰਘੇ ਤੇ ਖਤਰਨਾਕ ਟੋਏ ਬਣ ਗਏ ਹਨ, ਜੋ ਪੈਦਲ ਚੱਲਣ ਵਾਲਿਆਂ, ਵਾਹਨ ਚਾਲਕਾਂ ਅਤੇ ਵਸਨੀਕਾਂ ਦੀ ਜਾਨ ਲਈ ਗੰਭੀਰ ਖਤਰਾ ਬਣ ਗਏ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੌਰੇ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਸੀ ਕਿ ਸ਼ਹਿਰ ਨੂੰ 30 ਜੂਨ 2026 ਤੋਂ ਪਹਿਲਾਂ ਟੋਇਆਂ ਤੋਂ ਮੁਕਤ ਬਣਾਇਆ ਜਾਵੇਗਾ। ਪਰ ਇਸ ਭਰੋਸੇ ਦੇ ਬਾਵਜੂਦ ਸ਼ਹਿਰ ਦੇ ਇਸ ਪ੍ਰਮੁੱਖ ਰਿਹਾਇਸ਼ੀ ਇਲਾਕੇ ਵਿੱਚ ਅਜਿਹੇ ਵੱਡੇ ਅਤੇ ਖਤਰਨਾਕ ਟੋਏ ਹਾਲੇ ਵੀ ਮੌਜੂਦ ਹਨ, ਜਿਸ ਨਾਲ ਸਰਕਾਰ ਦੇ ਵਾਅਦਿਆਂ ਦੀ ਪਾਲਣਾ ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮਾਨਸੂਨ ਕਿਸੇ ਵੀ ਸਮੇਂ ਦਸਤਕ ਦੇ ਸਕਦਾ ਹੈ ਅਤੇ ਇਹਨਾਂ ਟੋਇਆਂ ਵਿੱਚ ਬਰਸਾਤੀ ਪਾਣੀ ਭਰਨ ਨਾਲ ਇਹ ਹੋਰ ਵੀ ਖਤਰਨਾਕ ਹੋ ਜਾਣਗੇ, ਜਿਸ ਨਾਲ ਦੋਪਹੀਆ ਵਾਹਨ ਚਾਲਕਾਂ, ਪੈਦਲ ਯਾਤਰੀਆਂ ਤੇ ਹੋਰ ਵਾਹਨ ਚਾਲਕਾਂ ਨਾਲ ਗੰਭੀਰ ਹਾਦਸੇ ਹੋਣ ਦਾ ਖਤਰਾ ਵਧ ਜਾਵੇਗਾ। ਇਸ ਤੋਂ ਇਲਾਵਾ ਰੇਲਵੇ ਲਾਈਨ ਨਾਲ ਲੱਗਦੀ ਸੜਕ ਦਾ ਹਾਲ ਹੀ ਵਿੱਚ ਮੁੜ ਨਿਰਮਾਣ ਹੋਇਆ ਸੀ, ਜਿਸ ਕਾਰਨ ਇਸ ਦੇ ਨਾਲ ਅਜਿਹੇ ਡੂੰਘੇ ਪੁੱਟੇ ਟੋਇਆਂ ਦਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸ਼ਰਮਾ ਨੇ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਨ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਨਾਜਾਇਜ਼ ਖੁਦਾਈ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਨੂੰ ਇਹ ਵੀ ਬੇਨਤੀ ਕਰਦੇ ਹਨ ਕਿ ਇਹਨਾਂ ਖਤਰਨਾਕ ਟੋਇਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਥਾਂ ਨੂੰ ਬਹਾਲ ਕੀਤਾ ਜਾਵੇ, ਤਾਂ ਜੋ ਜਨਤਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਿਆ ਜਾ ਸਕੇ।