ਲੁਧਿਆਣਾ-ਫਿਰੋਜ਼ਪੁਰ ਹਾਈਵੇਅ 'ਤੇ ਮੌਤ ਦਾ ਤਾਂਡਵ: ਟਾਇਰ ਫਟਣ ਕਾਰਨ ਦੋ ਕਾਰਾਂ ਦੀ ਭਿਆਨਕ ਟੱਕਰ, 2 ਦੀ ਮੌਤ ਤੇ 5 ਗੰਭੀਰ ਜ਼ਖ਼ਮੀ
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਸ਼ੇਖੂਪੁਰਾ ਨੇੜੇ ਅੱਜ ਇੱਕ ਰੂਹ ਕੰਬਾਊ ਸੜਕ ਹਾਦਸਾ ਵਾਪਰਿਆ। ਇੱਕ ਕਾਰ ਦਾ ਟਾਇਰ ਫਟਣ ਕਾਰਨ ਹੋਈ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਇੱਕ ਕਾਰ ਨੂੰ ਮੌਕੇ 'ਤੇ ਹੀ ਅੱਗ ਲੱਗ ਗਈ।
Publish Date: Wed, 25 Mar 2026 04:34 PM (IST)
Updated Date: Wed, 25 Mar 2026 04:35 PM (IST)

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਸ਼ੇਖੂਪੁਰਾ ਨੇੜੇ ਅੱਜ ਇੱਕ ਰੂਹ ਕੰਬਾਊ ਸੜਕ ਹਾਦਸਾ ਵਾਪਰਿਆ। ਇੱਕ ਕਾਰ ਦਾ ਟਾਇਰ ਫਟਣ ਕਾਰਨ ਹੋਈ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਇੱਕ ਕਾਰ ਨੂੰ ਮੌਕੇ 'ਤੇ ਹੀ ਅੱਗ ਲੱਗ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਰਿਟਿਜ਼ ਕਾਰ ਮੋਗਾ ਤੋਂ ਲੁਧਿਆਣਾ ਵੱਲ ਆ ਰਹੀ ਸੀ। ਜਦੋਂ ਇਹ ਕਾਰ ਪਿੰਡ ਸ਼ੇਖੂਪੁਰਾ ਨੇੜੇ ਪਹੁੰਚੀ ਤਾਂ ਅਚਾਨਕ ਇਸਦਾ ਪਿਛਲਾ ਟਾਇਰ ਫਟ ਗਿਆ। ਟਾਇਰ ਫਟਣ ਕਾਰਨ ਚਾਲਕ ਕਾਰ ਤੋਂ ਸੰਤੁਲਨ ਖੋ ਬੈਠਾ ਅਤੇ ਕਾਰ ਡਿਵਾਈਡਰ ਪਾਰ ਕਰਦੀ ਹੋਈ ਦੂਜੀ ਸਾਈਡ ਤੋਂ (ਲੁਧਿਆਣਾ ਤੋਂ ਮੋਗਾ ਵੱਲ) ਜਾ ਰਹੀ ਸਵਿਫਟ ਕਾਰ ਨਾਲ ਸਿੱਧੀ ਟਕਰਾ ਗਈ।
ਜਾਨੀ ਨੁਕਸਾਨ ਅਤੇ ਜ਼ਖ਼ਮੀ
ਹਾਦਸੇ ਵਿੱਚ ਸਵਿਫਟ ਕਾਰ ਦੇ ਚਾਲਕ ਗਾਊਦੀਨ ਉਰਫ ਸ਼ਫੀ (ਪੁੱਤਰ ਸ਼ੇਰਦੀਨ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੇ ਪਾਸੇ, ਹਸਪਤਾਲ ਵਿੱਚ ਇਲਾਜ ਅਧੀਨ ਸਿਰਾਜੂ (ਪੁੱਤਰ ਬਾਬੂਦੀਨ) ਨੇ ਵੀ ਦਮ ਤੋੜ ਦਿੱਤਾ।
ਜ਼ਖ਼ਮੀਆਂ ਦੀ ਪਛਾਣ: ਹਰਸ਼ਦੀਪ ਸਿੰਘ, ਦੇਵਕਰਨ ਸਿੰਘ (ਵਾਸੀ ਖੋਸਾ ਰਣਧੀਰ, ਮੋਗਾ) ਅਤੇ ਲਾਲਦੀਨ, ਮਾਮੂ ਸੈਨ ਤੇ ਸ਼ਾਨੂ (ਵਾਸੀ ਤਾਜਪੁਰ ਰੋਡ, ਲੁਧਿਆਣਾ) ਗੰਭੀਰ ਜ਼ਖ਼ਮੀ ਹਨ।
ਲੋਕਾਂ ਨੇ ਦਿਖਾਈ ਬਹਾਦਰੀ
ਟੱਕਰ ਤੋਂ ਤੁਰੰਤ ਬਾਅਦ ਰਿਟਿਜ਼ ਕਾਰ ਨੂੰ ਅੱਗ ਲੱਗ ਗਈ। ਖ਼ੁਸ਼ਕਿਸਮਤੀ ਨਾਲ ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਹਿੰਮਤ ਦਿਖਾਈ ਅਤੇ ਅੱਗ 'ਤੇ ਕਾਬੂ ਪਾ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ, ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਸੜਕ ਸੁਰੱਖਿਆ ਫੋਰਸ (SSF) ਅਤੇ ਦਾਖਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਵਾਜਾਈ ਬਹਾਲ ਕਰਵਾਈ ਅਤੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।