- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀ ਵੱਲੋਂ 100 ਫ਼ੀਸਦੀ ਕਵਰੇਜ਼ ਦਾ ਸੱਦਾ ਦੇ ਕੇ ਰਾਸ਼ਟਰੀ ਡੀਵਰਮਿੰਗ ਦਿਵਸ ਮੁਹਿੰਮ ਦਾ ਪੋਸਟਰ ਕੀਤਾ ਜਾਰੀ

-ਸੌ ਫ਼ੀਸਦੀ ਕਵਰੇਜ ਦਾ ਸੱਦਾ ਦੇ ਕੇ ਕੌਮੀ ਡੀ-ਵਰਮਿੰਗ ਦਿਵਸ ਮੁਹਿੰਮ ਦਾ ਪੋਸਟਰ ਜਾਰੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਆਉਣ ਵਾਲੇ ਰਾਸ਼ਟਰੀ ਡੀਵਰਮਿੰਗ ਦਿਵਸ (ਐੱਨਡੀਡੀ) ਨੂੰ ਸਫਲਤਾਪੂਰਵਕ ਮਨਾਉਣ ਅਤੇ ਜ਼ਿਲ੍ਹੇ ਦੇ ਹਰ ਯੋਗ ਬੱਚੇ ਤੱਕ ਇਸ ਮੁਹਿੰਮ ਦਾ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਅੱਜ ਬੱਚਤ ਭਵਨ ਵਿਖੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਡੀਵਰਮਿੰਗ ਦਿਵਸ ਸਬੰਧੀ ਪੋਸਟਰਾਂ ਤੇ ਆਈਈਸੀ (ਜਾਣਕਾਰੀ, ਸਿੱਖਿਆ ਤੇ ਸੰਚਾਰ) ਸਮੱਗਰੀ ਨੂੰ ਅਧਿਕਾਰਤ ਤੌਰ ’ਤੇ ਜਾਰੀ ਕੀਤਾ। ਮੀਟਿੰਗ ਵਿੱਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਸਿੰਘ, ਰਾਸ਼ਟਰੀ ਬਾਲ ਸਿਹਤ ਕਾਰਜਕਰਮ (ਆਰਬੀਐੱਸਕੇ) ਦੀਆਂ ਟੀਮਾਂ ਤੇ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਜੈਨ ਨੇ ਕਿਹਾ ਕਿ ਰਾਸ਼ਟਰੀ ਡੀ-ਵਰਮਿੰਗ ਦਿਵਸ ਬੱਚਿਆਂ ਨੂੰ ਅੰਤੜੀਆਂ ਦੇ ਕੀੜਿਆਂ ਤੋਂ ਸੁਰੱਖਿਅਤ ਰੱਖਣ ਤੇ ਉਨ੍ਹਾਂ ਦੀ ਸਿਹਤ, ਪੋਸ਼ਣ ਤੇ ਮਾਨਸਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਬਹੁਤ ਮਹੱਤਵਪੂਰਨ ਮੁਹਿੰਮ ਹੈ। ਉਨ੍ਹਾਂ ਨੇ ਸਿਹਤ ਵਿਭਾਗ ਵੱਲੋਂ ਕੀਤੀਆਂ ਤਿਆਰੀਆਂ ਦੀ ਸ਼ਲਾਘਾ ਕਰਦਿਆਂ ਸਿੱਖਿਆ, ਮਹਿਲਾ ਤੇ ਬਾਲ ਵਿਕਾਸ ਤੇ ਹੋਰ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ 1 ਤੋਂ 19 ਸਾਲ ਤੱਕ ਦੇ ਹਰ ਯੋਗ ਬੱਚੇ ਦੀ 100 ਫੀਸਦੀ ਕਵਰੇਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮਿਸ਼ਨ ਸਵਸਥ ਕਵਚ ਤਹਿਤ ਸਕੂਲੀ ਬੱਚਿਆਂ ਨੂੰ ਸੀਪੀਆਰ (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਤੇ ਬਲੱਡ ਪ੍ਰੈਸ਼ਰ (ਬੀਪੀ) ਨਿਗਰਾਨੀ ਦੀ ਵਿਹਾਰਕ ਸਿਖਲਾਈ ਦਿੱਤੀ ਜਾਵੇਗੀ। ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਆਰਬੀਐਸਕੇ ਟੀਮਾਂ ਵਿਦਿਆਰਥੀਆਂ ਨੂੰ ਮੁੱਢਲੀਆਂ ਜੀਵਨ ਰੱਖਿਆ ਤਕਨੀਕਾਂ ਅਤੇ ਸਿਹਤ ਨਿਗਰਾਨੀ ਬਾਰੇ ਜਾਣਕਾਰੀ ਦੇਣਗੀਆਂ, ਜਿਸ ਨਾਲ ਉਹ ਛੋਟੀ ਉਮਰ ਤੋਂ ਹੀ ਸਿਹਤ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਐਮਰਜੈਂਸੀ ਸਥਿਤੀਆਂ ਵਿੱਚ ਸਹੀ ਪ੍ਰਤੀਕਿਰਿਆ ਦੇਣ ਦੇ ਯੋਗ ਬਣ ਸਕਣਗੇ।
ਡੀਸੀ ਨੇ ਰਾਸ਼ਟਰੀ ਡੀਵਰਮਿੰਗ ਦਿਵਸ ਲਈ ਤਿਆਰ ਕੀਤੀ ਆਈਈਸੀ ਸਮੱਗਰੀ ਦਾ ਵੀ ਉਦਘਾਟਨ ਕੀਤਾ। ਪੋਸਟਰਾਂ, ਪੈਂਫਲੈਟਾਂ, ਬੈਨਰਾਂ ਤੇ ਸੋਸ਼ਲ ਮੀਡੀਆ ਸਮੱਗਰੀ ਰਾਹੀਂ ਐਲਬੈਂਡਾਜ਼ੋਲ ਗੋਲੀਆਂ ਦੇ ਲਾਭ, 10 ਅਗਸਤ ਨੂੰ ਰਾਸ਼ਟਰੀ ਡੀਵਰਮਿੰਗ ਦਿਵਸ ਅਤੇ 17 ਅਗਸਤ ਨੂੰ ਮੋਪ-ਅੱਪ ਦਿਵਸ ਸਬੰਧੀ ਜਾਣਕਾਰੀ ਲੋਕਾਂ ਤੱਕ ਪੁਜਾਈ ਜਾਵੇਗੀ। ਡਾ. ਹਰਪ੍ਰੀਤ ਸਿੰਘ ਨੇ ਸਾਰੀਆਂ ਆਰਬੀਐਸਕੇ ਟੀਮਾਂ ਅਤੇ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਵਿੱਚ ਸੀਪੀਆਰ ਅਤੇ ਬੀਪੀ ਨਿਗਰਾਨੀ ਸਬੰਧੀ ਪਹਿਲਕਦਮੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਫ਼ੀਲਡ ਸਟਾਫ਼ ਨੂੰ ਅਪੀਲ ਕੀਤੀ ਕਿ ਕੋਈ ਵੀ ਯੋਗ ਬੱਚਾ ਰਾਸ਼ਟਰੀ ਡੀਵਰਮਿੰਗ ਦਿਵਸ ਮੁਹਿੰਮ ਤੋਂ ਵਾਂਝਾ ਨਾ ਰਹੇ।