- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀ ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਤੇ ਰਾਸ਼ਟਰੀ ਪੱਧਰ 'ਤੇ ਜੇਤੂ ਤੈਰਾਕਾਂ ਦਾ ਕੀਤਾ ਸਨਮਾਨ

-ਕਿਹਾ, ਖਿਡਾਰੀ ਭਵਿੱਖ ’ਚ ਹੋਰ ਮਿਹਨਤ ਕਰਨ ਤੇ ਨਵੇਂ ਕੀਰਤੀਮਾਨ ਸਥਾਪਤ ਕਰਨ ਲਈ ਪ੍ਰੇਰਿਆ
ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ, ਲੁਧਿਆਣਾ
ਇੱਥੋਂ ਦੀ ਨੌਜਵਾਨ ਤੈਰਾਕੀ ਪ੍ਰਤਿਭਾ ਨੇ ਇੱਕ ਵਾਰ ਫਿਰ ਜ਼ਿਲ੍ਹਾ, ਰਾਜ ਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਲਗਾਤਾਰ ਸ਼ਾਨਦਾਰ ਨਤੀਜਿਆਂ ਨੇ ਲੁਧਿਆਣਾ ਨੂੰ ਖੇਡਾਂ, ਖਾਸ ਕਰਕੇ ਤੈਰਾਕੀ ਦੇ ਖੇਤਰ ਵਿੱਚ ਇੱਕ ਮੋਹਰੀ ਕੇਂਦਰ ਵਜੋਂ ਸਥਾਪਿਤ ਕੀਤਾ ਹੈ। ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਵਿੱਚ ਲੁਧਿਆਣਾ ਦੇ ਤੈਰਾਕਾਂ ਨੇ 62 ਸੋਨੇ, 35 ਚਾਂਦੀ ਅਤੇ 8 ਕਾਂਸੀ ਦੇ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦਾ ਲੋਹਾ ਮਨਵਾਇਆ। ਇਸੇ ਤਰ੍ਹਾਂ ਰਾਜ ਪੱਧਰੀ ਚੈਂਪੀਅਨਸ਼ਿਪ ’ਚ ਵੀ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 45 ਸੋਨੇ, 20 ਚਾਂਦੀ ਅਤੇ 26 ਕਾਂਸੀ ਦੇ ਤਗਮੇ ਆਪਣੇ ਨਾਮ ਕੀਤੇ। ਇਸ ਤੋਂ ਇਲਾਵਾ ਵੱਕਾਰੀ ਸੀਬੀਐੱਸਈ. ਨੌਰਥ ਜ਼ੋਨ ਕਲੱਸਟਰ ਚੈਂਪੀਅਨਸ਼ਿਪ ਵਿੱਚ ਜ਼ਿਲ੍ਹੇ ਦੇ ਤੈਰਾਕਾਂ ਨੇ 7 ਸੋਨੇ, 4 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਲੁਧਿਆਣਾ ਦਾ ਨਾਮ ਹੋਰ ਰੌਸ਼ਨ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਐਮ.ਸੀ. ਸਵੀਮਿੰਗ ਪੂਲ ਦਾ ਦੌਰਾ ਕਰਕੇ ਨੌਜਵਾਨ ਤੈਰਾਕਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਖਿਡਾਰੀਆਂ ਦੀ ਸਖ਼ਤ ਮਿਹਨਤ, ਸਮਰਪਣ ਤੇ ਅਨੁਸ਼ਾਸਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਉਪਲਬਧੀਆਂ ਨੇ ਨਾ ਸਿਰਫ਼ ਲੁਧਿਆਣਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ, ਸਗੋਂ ਹੋਰ ਨੌਜਵਾਨਾਂ ਨੂੰ ਵੀ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਭਵਿੱਖ ਵਿੱਚ ਵੀ ਹੋਰ ਮਿਹਨਤ ਕਰਨ ਅਤੇ ਰਾਜ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਨਵੇਂ ਕੀਰਤੀਮਾਨ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਨਾਲ ਲੁਧਿਆਣਾ ਦੀ ਪਛਾਣ ਇੱਕ ਖੇਡ ਪ੍ਰਤਿਭਾ ਦੇ ਕੇਂਦਰ ਵਜੋਂ ਹੋਰ ਮਜ਼ਬੂਤ ਹੋ ਰਹੀ ਹੈ।
ਜੈਨ ਨੇ ਖਾਸ ਤੌਰ 'ਤੇ ਨੌਜਵਾਨ ਤੈਰਾਕ ਓਜਸ ਸੁੰਡ ਨੂੰ ਵਧਾਈ ਦਿੱਤੀ, ਜਿਸ ਨੇ ਰਾਸ਼ਟਰੀ ਪੱਧਰ 'ਤੇ ਚਾਰ ਤਗਮੇ ਜਿੱਤ ਕੇ ਪੂਰੇ ਉੱਤਰੀ ਭਾਰਤ ਜ਼ੋਨ ਦਾ ਇਕਲੌਤਾ ਤੈਰਾਕ ਬਣਨ ਦਾ ਮਾਣ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਲੁਧਿਆਣਾ ਅਤੇ ਪੰਜਾਬ ਲਈ ਮਾਣ ਵਾਲਾ ਪਲ ਹੈ ਅਤੇ ਓਜਸ ਦੀ ਸਫਲਤਾ ਦੇਸ਼ ਭਰ ਦੇ ਉਭਰਦੇ ਤੈਰਾਕਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ।
ਡਿਪਟੀ ਕਮਿਸ਼ਨਰ ਨੇ ਕੋਚ ਮਾਧਵ ਸੁੰਡ ਅਤੇ ਸੌਰਵ ਸ਼ਰਮਾ ਦੇ ਸਮਰਪਿਤ ਯੋਗਦਾਨ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਿਹਨਤ, ਪੇਸ਼ੇਵਰ ਸਿਖਲਾਈ ਅਤੇ ਲਗਾਤਾਰ ਮਾਰਗਦਰਸ਼ਨ ਨੇ ਨੌਜਵਾਨ ਤੈਰਾਕਾਂ ਨੂੰ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹਰ ਸਫਲ ਖਿਡਾਰੀ ਦੇ ਪਿੱਛੇ ਇੱਕ ਸਮਰਪਿਤ ਕੋਚ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ, ਜਿਸ ਨੂੰ ਹਮੇਸ਼ਾ ਯੋਗ ਸਨਮਾਨ ਮਿਲਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦੁਹਰਾਇਆ ਕਿ ਖੇਡਾਂ ਦੇ ਵਿਕਾਸ ਅਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹੈ। ਪ੍ਰਸ਼ਾਸਨ ਦਾ ਉਦੇਸ਼ ਅਜਿਹਾ ਮਾਹੌਲ ਤਿਆਰ ਕਰਨਾ ਹੈ, ਜਿਸ ਨਾਲ ਲੁਧਿਆਣਾ ਦੇ ਹੋਰ ਨੌਜਵਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਰਹਿਣ।