ਸੀਟੀ ’ਵਰਸਿਟੀ ਨੇ ਕਰਵਾਈ ਤੀਜੀ ਵਿਸ਼ਵ ਅਰਾਸ਼ੀ ਐੱਮਐੱਮਏ ਚੈਂਪੀਅਨਸ਼ਿਪ ਸੀਟੀ ਯੂਨੀਵਰਸਿਟੀ ਵੱਲੋਂ ਤੀਜੀ ਵਿਸ਼ਵ ਅਰਾਸ਼ੀ ਐਮਐਮਏ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ
Publish Date: Tue, 27 Oct 2026 07:11 PM (IST)
Updated Date: Tue, 27 Oct 2026 07:13 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ: ਚੌਂਕੀਮਾਨ ਦੀ ਸੀਟੀ ਯੂਨੀਵਰਸਿਟੀ ਵੱਲੋਂ ਤੀਜੀ ਵਿਸ਼ਵ ਅਰਾਸ਼ੀ ਐੱਮਐੱਮਏ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੁਰਸ਼ ਅਤੇ ਮਹਿਲਾ ਚੈਂਪੀਅਨਸ਼ਿਪ 2026 ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਚੈਂਪੀਅਨਸ਼ਿਪ ਦਾ ਆਯੋਜਨ ਅਰਾਸ਼ੀ ਐੱਮਐੱਮਏ ਐਸੋਸੀਏਸ਼ਨ (ਰਜਿਸਟਰਡ), ਭਾਰਤ ਵੱਲੋਂ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਅਰਾਸ਼ੀ ਐੱਮਐੱਮਏ ਦੇ ਸਹਿਯੋਗ ਨਾਲ ਕੀਤਾ। ਕਜ਼ਾਖਸਤਾਨ, ਕਿਰਗਿਸਤਾਨ, ਮਿਸਰ, ਨਿਊਜ਼ੀਲੈਂਡ, ਬੰਗਲਾਦੇਸ਼, ਨੇਪਾਲ, ਭੂਟਾਨ, ਅਜ਼ਰਬਾਈਜਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਤਾਜਿਕਿਸਤਾਨ ਅਤੇ ਰੂਸ ਸਮੇਤ 12 ਦੇਸ਼ਾਂ ਦੇ ਖਿਡਾਰੀਆਂ ਤੇ ਨੁਮਾਇੰਦਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਤਰਰਾਸ਼ਟਰੀ ਭਾਈਚਾਰੇ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ। ਉਦਘਾਟਨੀ ਸਮਾਗਮ ਵਿੱਚ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਅਰਾਸ਼ੀ ਐਮਐਮਏ ਦੇ ਪ੍ਰਧਾਨ ਅਸ਼ਖਾਤ ਮੁਸਿਨੋਵ, ਨਗਰ ਨਿਗਮ ਲੁਧਿਆਣਾ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਸੀਟੀ ਯੂਨੀਵਰਸਿਟੀ ਦੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਇੰਜੀਨੀਅਰ ਦਵਿੰਦਰ ਸਿੰਘ, ਅਰਾਸ਼ੀ ਐਮਐਮਏ ਐਸੋਸੀਏਸ਼ਨ, ਭਾਰਤ ਦੇ ਸੰਸਥਾਪਕ ਅਤੇ ਜਨਰਲ ਸਕੱਤਰ ਪ੍ਰਦੀਪ ਕੁਮਾਰ (ਯੋਗੀ), ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਅਤੇ ਐੱਫਆਈਸੀਓ ਲੁਧਿਆਣਾ ਦੇ ਪ੍ਰਧਾਨ ਗੁਰਮੀਤ ਕੁਲਾਰ ਹਾਜ਼ਰ ਸਨ। ਯੂਨੀਵਰਸਿਟੀ ਦੀ ਅਗਵਾਈ ਵਿੱਚ ਚਾਂਸਲਰ ਚਰਨਜੀਤ ਸਿੰਘ ਚੰਨੀ, ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਅਤੇ ਰਜਿਸਟਰਾਰ ਸੰਜੇ ਖੰਡੂਰੀ ਸ਼ਾਮਲ ਹਨ। ਯੂਨੀਵਰਸਿਟੀ ਪ੍ਰਬੰਧਨ ਖੇਡਾਂ, ਨੌਜਵਾਨਾਂ ਦੇ ਵਿਕਾਸ ਅਤੇ ਅੰਤਰਰਾਸ਼ਟਰੀ ਸਾਂਝ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਨੂੰ ਲਗਾਤਾਰ ਪ੍ਰੋਤਸਾਹਿਤ ਕਰ ਰਿਹਾ ਹੈ। ਯੂਨੀਵਰਸਿਟੀ ਪ੍ਰਬੰਧਨ ਵੱਲੋਂ ਖੇਡ ਉੱਤਮਤਾ ਅਤੇ ਨੌਜਵਾਨਾਂ ਦੇ ਵਿਕਾਸ ’ਤੇ ਜ਼ੋਰ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਸੀਟੀ ਯੂਨੀਵਰਸਿਟੀ ਦੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਇੰਜੀਨੀਅਰ ਦਵਿੰਦਰ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਖੇਡ ਮੁਕਾਬਲੇ ਨੌਜਵਾਨ ਖਿਡਾਰੀਆਂ ਵਿੱਚ ਅਨੁਸ਼ਾਸਨ, ਦ੍ਰਿੜ੍ਹਤਾ, ਅਗਵਾਈ ਦੇ ਗੁਣ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸੀਟੀ ਯੂਨੀਵਰਸਿਟੀ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਅੰਤਰਰਾਸ਼ਟਰੀ ਖੇਡ ਚੈਂਪੀਅਨਸ਼ਿਪਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨ ਖਿਡਾਰੀਆਂ ਨੂੰ ਵਿਸ਼ਵ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਦੇ ਹਨ।