ਦੇਸ਼ ਦੇ ਕਰੋੜਾਂ MSME ਕਾਰਖ਼ਾਨੇਦਾਰ ਕੱਚਾ ਮਾਲ ਬਣਾਉਣ ਵਾਲੀਆਂ ਕੰਪਨੀਆਂ ਦੀ ਮਨਮਾਨੀ ਤੋਂ ਪ੍ਰੇਸ਼ਾਨ; ਲੋਹਾ, ਪਲਾਸਟਿਕ ਤੇ ਕੈਮੀਕਲ ਦੇ ਭਾਅ ਮਰਜ਼ੀ ਨਾਲ ਵਧਾਉਣ-ਘਟਾਉਣ ਕਾਰਨ ਵਪਾਰ ਨੂੰ ਲੱਗੀ ਸੱਟ ਭਾਰਤ ’ਚ ਕੱਚਾ ਮਾਲ ਲੋਹਾ, ਪਲਾਸਟਿਕ ਦਾ ਦਾਣਾ, ਕਾਪਰ, ਨਿਕਲ, ਜ਼ਿੰਕ ਤੇ ਕੈਮੀਕਲ ਬਣਾਉਣ ਵਾਲੀਆਂ ਗਿਣਤੀ ਦੀਆਂ ਕੰਪਨੀਆਂ ਹਨ। ਇਨ੍ਹਾਂ ’ਤੇ ਦੇਸ਼ ਦੀਆਂ ਕਰੋੜਾਂ ਐੱਮਐੱਸਐੱਮਈ ਸਨਅਤਾਂ ਨਿਰਭਰ ਕਰਦੀਆਂ ਹਨ। ਇਨ੍ਹਾਂ ਕੰਪਨੀਆਂ ਵੱਲੋਂ ਆਪਸੀ ਸਹਿਮਤੀ ਨਾਲ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧਾ ਕੀਤਾ ਜਾਂਦਾ ਹੈ ਜਾਂ ਕਿਸੇ ਵੀ ਸਮੇਂ ਭਾਅ ਘਟਾ ਦਿੱਤਾ ਜਾਂਦਾ ਹੈ। ਜਿਸ ਨਾਲ ਛੋਟੇ ਕਾਖ਼ਾਨੇਦਾਰ ਡਾਢੇ ਪਰੇਸ਼ਾਨ ਹਨ।
Publish Date: Sat, 01 Aug 2026 09:30 AM (IST)
Updated Date: Sat, 01 Aug 2026 09:31 AM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਭਾਰਤ ’ਚ ਕੱਚਾ ਮਾਲ ਲੋਹਾ, ਪਲਾਸਟਿਕ ਦਾ ਦਾਣਾ, ਕਾਪਰ, ਨਿਕਲ, ਜ਼ਿੰਕ ਤੇ ਕੈਮੀਕਲ ਬਣਾਉਣ ਵਾਲੀਆਂ ਗਿਣਤੀ ਦੀਆਂ ਕੰਪਨੀਆਂ ਹਨ। ਇਨ੍ਹਾਂ ’ਤੇ ਦੇਸ਼ ਦੀਆਂ ਕਰੋੜਾਂ ਐੱਮਐੱਸਐੱਮਈ ਸਨਅਤਾਂ ਨਿਰਭਰ ਕਰਦੀਆਂ ਹਨ। ਇਨ੍ਹਾਂ ਕੰਪਨੀਆਂ ਵੱਲੋਂ ਆਪਸੀ ਸਹਿਮਤੀ ਨਾਲ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧਾ ਕੀਤਾ ਜਾਂਦਾ ਹੈ ਜਾਂ ਕਿਸੇ ਵੀ ਸਮੇਂ ਭਾਅ ਘਟਾ ਦਿੱਤਾ ਜਾਂਦਾ ਹੈ। ਜਿਸ ਨਾਲ ਛੋਟੇ ਕਾਖ਼ਾਨੇਦਾਰ ਡਾਢੇ ਪਰੇਸ਼ਾਨ ਹਨ।
ਭਾਰਤ ’ਚ ਲੋਹਾ ਬਣਾਉਣ ਵਾਲੀ ਕੰਪਨੀ ਟਾਟਾ ਸਟੀਲ, ਜੇਐੱਸਡਬਲਯੂ ਸਟੀਲ, ਸਟੀਲ ਅਥਾਰਿਟੀ ਆਫ਼ ਇੰਡੀਆ ਲਿਮਟਿਡ (ਸੇਲ), ਜਿੰਦਲ ਸਟੀਲ ਐਂਡ ਪਾਵਰ ਹੈ। ਪਲਾਸਟਿਕ ਦਾ ਦਾਣਾ (ਪੋਲੀਮਰ/ਪਲਾਸਟਿਕ ਦੇ ਦਾਣੇ) ਬਣਾਉਣ ਵਾਲੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ, ਇੰਡੀਅਨ ਆਇਲ ਕਾਰਪੋਰੇਸ਼ਨ, ਹਲਦੀਆ ਪੈਟਰੋ ਕੈਮੀਕਲਜ਼, ਗੇਲ (ਇੰਡੀਆ) ਲਿਮਟਿਡ ਹੈ। ਕਾਪਰ (ਤਾਂਬਾ) ਬਣਾਉਣ ਵਾਲੀ ਹਿੰਡਾਲਕੋ, ਹਿੰਦੁਸਤਾਨ ਕਾਪਰ ਲਿਮਟਿਡ, ਵੇਦਾਂਤਾ ਲਿਮਟਿਡ ਹੈ। ਜਦਕਿ ਹਿੰਡਾਲਕੋ ਇੰਡਸਟਰੀਜ਼ (ਬਿਰਲਾ ਕਾਪਰ) ਭਾਰਤ ਦੀਆਂ ਸਭ ਤੋਂ ਵੱਡੀਆਂ ਕਾਪਰ ਉਤਪਾਦਕ ਕੰਪਨੀਆਂ ਵਿਚੋਂ ਇਕ ਹੈ। ਨਿਕਲ ਬਣਾਉਣ ਵਾਲੀ ਵੇਦਾਂਤ ਲਿਮਟਿਡ ਹੈ। ਜਦਕਿ ਵੇਦਾਂਤ ਲਿਮਟਿਡ (ਨਿਕੋਮੇਟ ਰਾਹੀਂ) ਭਾਰਤ ’ਚ ਨਿਕਲ ਉਤਪਾਦਨ ਕਰਨ ਵਾਲੀਆਂ ਮੁੱਖ ਕੰਪਨੀਆਂ ਵਿਚੋਂ ਇਕ ਹੈ। ਜ਼ਿੰਕ ਬਣਾਉਣ ਵਾਲੀ ਹਿੰਦੁਸਤਾਨ ਜ਼ਿੰਕ ਲਿਮਟਿਡ, ਵੇਦਾਂਤਾ ਲਿਮਟਿਡ ਹੈ। ਕੈਮੀਕਲ ਬਣਾਉਣ ਵਾਲੀ ਕੰਪਨੀ ਯੂਪੀਐੱਲ ਲਿਮਟਿਡ, ਟਾਟਾ ਕੈਮੀਕਲਜ਼, ਗੁਜਰਾਤ ਅਲਕਲੀਜ਼ ਐਂਡ ਕੈਮੀਕਲਜ਼ ਲਿਮਿਟੇਡ (ਜੀਏਸੀਐਲ), ਦੀਪਕ ਨਾਈਟ੍ਰਾਈਟ, ਆਰਤੀ ਇੰਡਸਟਰੀਜ਼, ਐੱਸਆਰਐੱਫ ਲਿਮਟਿਡ ਹੈ।
ਕਈ ਮਹੀਨਿਆਂ ਤੋਂ ਕੱਚੇ ਮਾਲ ਦੀਆਂ ਕੀਮਤਾਂ ’ਚ ਬਿਨਾਂ ਕਿਸੇ ਠੋਸ ਕਾਰਨ ਦੇ ਵਾਰ-ਵਾਰ ਵੱਡਾ ਉਤਾਰ-ਚੜ੍ਹਾਅ ਕੀਤਾ ਜਾ ਰਿਹਾ ਹੈ। ਕਦੇ ਪਲਾਸਟਿਕ ਦੇ ਦਾਣੇ ਦੇ ਰੇਟ ਅਚਾਨਕ ਤੇਜ਼ੀ ਨਾਲ ਵਧਾ ਦਿੱਤੇ ਜਾਂਦੇ ਹਨ, ਕਦੇ ਲੋਹਾ, ਕਾਪਰ, ਨਿਕਲ, ਜ਼ਿੰਕ ਤੇ ਕੈਮੀਕਲ ਦੇ ਰੇਟ ਇਕਦਮ ਚੜ੍ਹ ਜਾਂਦੇ ਹਨ ਅਤੇ ਕੁੱਝ ਹੀ ਦਿਨਾਂ ਬਾਅਦ ਮੁੜ ਘਟਣ ਲੱਗ ਜਾਂਦੇ ਹਨ। ਇਸ ਤਰ੍ਹਾਂ ਦੀ ਅਨਿਸ਼ਚਿਤਤਾ ਦਾ ਸਭ ਤੋਂ ਵੱਧ ਨੁਕਸਾਨ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਝੱਲਣਾ ਪੈਂਦਾ ਹੈ। ਅਜਿਹੀ ਸਥਿਤੀ ਲਈ ਉਦਯੋਗਪਤੀ ਵੀ ਜ਼ਿੰਮੇਵਾਰ ਹਨ, ਕਿਉਂਕਿ ਕੱਚਾ ਮਾਲ ਤਿਆਰ ਕਰਨ ਵਾਲੀਆਂ ਕੰਪਨੀਆਂ ਵਾਂਗ ਐੱਮਐੱਸਐੱਮਈ ਕਾਰਖ਼ਾਨੇਦਾਰਾਂ ’ਚ ਏਕਤਾ ਦੀ ਘਾਟ ਹੈ। ਜਦੋਂ ਵੀ ਬਿਨਾਂ ਵਾਜਬ ਕਾਰਨ ਰੇਟ ਵਧਾਏ ਜਾਣ ਤਾਂ ਸਾਰੇ ਕਾਰਖ਼ਾਨੇਦਾਰਾਂ ਨੂੰ ਇਕੱਠੇ ਹੋ ਕੇ ਕੁੱਝ ਸਮੇਂ ਲਈ ਆਪਣੀ ਖ਼ਰੀਦ ਰੋਕਣ ਬਾਰੇ ਸੋਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਤੁਰੰਤ ਮਾਲ ਦੀ ਲੋੜ ਵੀ ਨਹੀਂ ਹੁੰਦੀ, ਉਹ ਵੀ ਵਾਰ-ਵਾਰ ਫ਼ੋਨ ਕਰ ਕੇ ਰੇਟ ਪੁੱਛਣ ਲੱਗ ਜਾਂਦੇ ਹਨ, ਜਿਸ ਨਾਲ ਬਾਜ਼ਾਰ ’ਚ ਬੇਲੋੜੀ ਹਲਚਲ ਪੈਦਾ ਹੁੰਦੀ ਹੈ ਅਤੇ ਰੇਟਾਂ ਨਾਲ ਹੋਰ ਛੇੜਖਾਨੀ ਕਰਨ ਨੂੰ ਹੌਸਲਾ ਮਿਲਦਾ ਹੈ। ਭਾਅ ਵਧਣ-ਘਟਣ ਕਰ ਕੇ ਛੋਟੇ ਕਾਰਖ਼ਾਨੇਦਾਰਾਂ ਲਈ ਆਪਣੇ ਉਤਪਾਦਾਂ ਦੀਆਂ ਕੀਮਤਾਂ ਦਾ ਭਾਅ ਤੈਅ ਕਰਨ ’ਚ ਕਾਫ਼ੀ ਮੁਸ਼ਕਲ ਆਉਂਦੀ ਹੈ। ਇਸ ਨਾਲ ਉਨ੍ਹਾਂ ਦੇ ਗਾਹਕਾਂ ’ਤੇ ਵੀ ਮਾੜਾ ਅਸਰ ਪੈਂਦਾ ਹੈ।
ਜੁਲਾਈ 2025 ’ਚ ਸਟੀਲ ਦੀ ਕੀਮਤ 52 ਹਜ਼ਾਰ ਤੋਂ 58 ਹਜ਼ਾਰ ਰੁਪਏ ਪ੍ਰਤੀ ਟਨ ਸੀ, ਕਾਪਰ ਦੀ ਕੀਮਤ 1050 ਰੁਪਏ ਤੋਂ 1180 ਰੁਪਏ ਪ੍ਰਤੀ ਕਿੱਲੋ, ਪਲਾਸਟਿਕ ਦਾਣਾ 108 ਰੁਪਏ ਤੋਂ 123 ਰੁਪਏ ਪ੍ਰਤੀ ਕਿਲੋ, ਜ਼ਿੰਕ 295 ਰੁਪਏ ਤੋਂ 330 ਰੁਪਏ ਪ੍ਰਤੀ ਕਿੱਲੋ, ਨਿਕਲ 1450 ਰੁਪਏ ਤੋਂ 1650 ਰੁਪਏ ਪ੍ਰਤੀ ਕਿੱਲੋ ਸੀ, ਜਦਕਿ 2026 ’ਚ ਸਟੀਲ ਦੀ ਕੀਮਤ 57 ਹਜ਼ਾਰ ਤੋਂ 64 ਹਜ਼ਾਰ ਰੁਪਏ ਪ੍ਰਤੀ ਟਨ ਸੀ, ਕਾਪਰ ਦੀ ਕੀਮਤ 850 ਰੁਪਏ ਤੋਂ 950 ਰੁਪਏ ਪ੍ਰਤੀ ਕਿੱਲੋ, ਪਲਾਸਟਿਕ ਦਾਣਾ 95 ਰੁਪਏ ਤੋਂ 110 ਰੁਪਏ ਕਿੱਲੋ, ਜ਼ਿੰਕ 255 ਰੁਪਏ ਤੋਂ 290 ਰੁਪਏ ਪ੍ਰਤੀ ਕਿੱਲੋ, ਨਿਕਲ 1500 ਰੁਪਏ ਤੋਂ 1680 ਰੁਪਏ ਪ੍ਰਤੀ ਕਿੱਲੋ ਸੀ। ਉਦਯੋਗਿਕ ਕੈਮੀਕਲ 2025 ਦੇ ਮੁਕਾਬਲੇ 2026 ’ਚ ਔਸਤਨ 5 ਤੋਂ 15 ਫ਼ੀਸਦੀ ਵਧਿਆ ਹੈ।
ਸਰਕਾਰ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦੇਵੇ : ਮੱਕੜ ਏਸ਼ੀਆ ਦੀ ਸਭ ਤੋਂ ਵੱਡੀ ਇਕ ਟਰੇਡ ਦੀ ਜਥੇਬੰਦੀ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂਸੀਪੀਐੱਮਏ) ਦੇ ਵਿੱਤ ਸਕੱਤਰ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਸਰਕਾਰ ਨੂੰ ਵੀ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਉਦਯੋਗ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਛੋਟੇ ਉਦਯੋਗਾਂ ਨੂੰ ਬਚਾਉਣ ਲਈ ਕੱਚੇ ਮਾਲ ਦੀਆਂ ਕੀਮਤਾਂ ’ਚ ਬੇਲੋੜੇ ਉਤਾਰ-ਚੜ੍ਹਾਅ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਨੀਤੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਸੰਭਵ ਹੋਵੇ ਤਾਂ ਮੁੱਖ ਕੱਚੇ ਮਾਲ ਦੀਆਂ ਕੀਮਤਾਂ ਘੱਟੋ-ਘੱਟ 6 ਮਹੀਨੇ ਲਈ ਸਥਿਰ ਰੱਖਣ ਦੀ ਵਿਵਸਥਾ ਹੋਣੀ ਚਾਹੀਦੀ ਹੈ, ਤਾਂ ਜੋ ਉਦਯੋਗ ਯੋਜਨਾਬੱਧ ਢੰਗ ਨਾਲ ਆਪਣਾ ਕੰਮ ਕਰ ਸਕਣ।