ਵਿਧਾਇਕਾ ਦੇ ਘਰ ’ਤੇ ‘ਵਿਰੋਧ ਪੱਤਰ’ ਚਿਪਕਾਉਂਦਿਆਂ ਵਿਗੜੇ ਹਾਲਾਤਾਂ ’ਤੇ ਪਾਈਆਂ ਲਾਹਨਤਾਂ ਜਗਰਾਓਂ ’ਚ ਵਿਧਾਇਕਾ ਦੇ ਘਰ ’ਤੇ ‘ਲਾਹਨਤੀ ਪੱਤਰ’ ਚਿਪਕਾਉਂਦਿਆਂ ਵਿਗੜੇ ਹਾਲਾਤਾਂ ’ਤੇ ਪਾਈਆਂ ਲਾਹਨਤਾਂ
Publish Date: Mon, 19 Oct 2026 08:43 PM (IST)
Updated Date: Tue, 20 Oct 2026 04:04 AM (IST)
-ਪੰਜਾਬ ’ਚ ਨਸ਼ਿਆਂ ਤੇ ਕਤਲੋ ਗਾਰਤ ਦੀ ਦਿੱਤੀ ਦੁਹਾਈ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਵਿਧਾਇਕਾ ਦੇ ਘਰ ’ਤੇ ਲਾਹਨਤੀ ਪੱਤਰ ਚਿਪਕਾਉਂਦਿਆਂ ਜੱਥੇਬੰਦੀਆਂ ਨੇ ਪੰਜਾਬ ਦੇ ਵਿਗੜੇ ਹਾਲਾਤਾਂ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰੱਜ ਕੇ ਲਾਹਨਤਾਂ ਪਾਈਆਂ। ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਅਤੇ ਪੰਜਾਬ ਵਿਚ ਨਸ਼ਿਆਂ ਦੇ ਧੜੱਲੇ ਨਾਲ ਚੱਲ ਰਹੇ ਕਾਰੋਬਾਰ ’ਤੇ ਜੱਥੇਬੰਦੀਆਂ ਨੇ ਸਰਕਾਰ ਨੂੰ ਘੇਰਦਿਆਂ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਦੇ ਅਸਤੀਫੇ ਦੀ ਮੰਗ ਕੀਤੀ। ਇਸ ਦੌਰਾਨ ਜੱਥੇਬੰਦੀਆਂ ਵੱਲੋਂ ਧਰਨੇ ਦੌਰਾਨ ਵਿਧਾਇਕਾ ਨੂੰ ਵਿਰੋਧ ਪੱਤਰ ਸੌਂਪਣ ਲਈ ਬੁਲਾਇਆ ਗਿਆ ਪਰ ਉਨ੍ਹਾਂ ਦੇ ਘਰ ਨਾ ਹੋਣ ਅਤੇ ਕਿਸੇ ਹੋਰ ਵੱਲੋਂ ਬਾਹਰ ਨਾ ਆਉਣ ਤੇ ਜੱਥੇਬੰਦੀਆਂ ਨੇ ਘਰ ਦੇ ਬਾਹਰ ਹੀ ਇਹ ਵਿਰੋਧ ਪੱਤਰ ਚਿਪਕਾਉਂਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਸੋਮਵਾਰ ਨੂੰ ਜਗਰਾਓਂ ਦੇ ਬੱਸ ਸਟੈਂਡ ਇਕੱਠੇ ਹੋਏ ਜੱਥੇਬੰਦੀਆਂ ਦੇ ਆਗੂਆਂ ਅਤੇ ਵਰਕਰ ਨਾਅਰੇਬਾਜ਼ੀ ਕਰਦੇ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ਅਤੇ ਗੱਡੀਆਂ ’ਤੇ ਵਿਧਾਇਕਾ ਦੇ ਘਰ ਅੱਗੇ ਪੁੱਜੇ। ਜਿੱਥੇ ਉਨ੍ਹਾਂ ਧਰਨਾ ਦਿੱਤਾ। ਸ਼ਹੀਦ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਵਿਰੋਧੀ ਇਨਸਾਫ਼ ਮੋਰਚਾ ਦੇ ਸੱਦੇ ਤੇ ਦਿੱਤੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਝੋਟੇ ਦੇ ਕਤਲ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਅਸਤੀਫਾ ਦੇਵੇ ਦੀ ਮੰਗ ਕੀਤੀ। ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਦਾ ਅਸਤੀਫ਼ਾ ਲਿਆ ਜਾਵੇ। ਮਾਨਸਾ ਵਿਖੇ ਤੈਨਾਤ ਦੋਨੋਂ ਐੱਸਐੱਚਓਜ਼, ਡੀਐੱਸਪੀ, ਡਰੱਗ ਇੰਸਪੈਕਟਰਾਂ ਨੂੰ ਤੁਰੰਤ ਨੋਕਰੀ ਤੋਂ ਬਰਖਾਸਤ ਕੀਤਾ ਜਾਵੇ। ਕਤਲ ਲਈ ਜ਼ਿੰਮੇਵਾਰ ਨਸ਼ਾ ਤਸਕਰਾਂ, ਪੁਲਿਸ, ਰਾਜਨੀਤਕਾਂ, ਡਰੱਗ ਇੰਸਪੈਕਟਰਾਂ ਦੇ ਗੱਠਜੋੜ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਸਾਰੇ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਤੁਰੰਤ ਸਖਤ ਸਜ਼ਾ ਦਿੱਤੀ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਬਲਰਾਜ ਸਿੰਘ ਕੋਟੳਮਰਾ, ਬਲਵਿੰਦਰ ਸਿੰਘ ਕੋਠੇ ਪੋਨਾ, ਜਸਦੇਵ ਸਿੰਘ ਲਲਤੋਂ, ਰਣਵੀਰ ਸਿੰਘ, ਸੁਖਦੇਵ ਸਿੰਘ ਮਾਣੂੰਕੇ, ਸੁਖਦੇਵ ਸਿੰਘ ਭੂੰਦੜੀ, ਭੁਪਿੰਦਰ ਸਿੰਘ ਬਰਾੜ, ਅਸ਼ੋਕ ਭੰਡਾਰੀ, ਸਮਾਜ ਸੇਵੀ ਸੁੱਖ ਜਗਰਾਓਂ, ਵਾਰਸ ਪੰਜਾਬ ਦੇ ਆਗੂ ਰਜੀਵ ਲਵਲੀ, ਅਮਨਦੀਪ ਸਿੰਘ, ਸਾਬਕਾ ਰੋਡਵੇਜ਼ ਮੁਲਾਜ਼ਮ ਆਗੂ ਗੁਰਦੀਪ ਸਿੰਘ ਮੋਤੀ, ਰਛਪਾਲ ਸਿੰਘ ਨਵਾਂ ਡੱਲਾ, ਅਰਸ਼ਦੀਪ ਸਿੰਘ ਕਲੇਰ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ ਮਿਲਣ ਤਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਮਾਰ ਕੇ ਹਕੂਮਤਾਂ ਅਪਣੇ ਲੁਟੇਰੇ ਤੇ ਜਾਬਰ ਰਾਜ ਦੀ ਉਮਰ ਵਧਾਉਣਾ ਚਾਹੁੰਦੀਆਂ ਹਨ। ਇਸ ਸਮੇਂ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ, ਹਾਕਮ ਸਿੰਘ ਭੱਟੀਆਂ, ਇੰਦਰਜੀਤ ਸਿੰਘ ਲੋਧੀਵਾਲ, ਨਿਰਮਲ ਸਿੰਘ ਭੰਮੀਪੁਰਾ, ਗੁਰਤੇਜ ਸਿੰਘ ਅਖਾੜਾ, ਜਗਜੀਤ ਸਿੰਘ ਕਲੇਰ, ਕੁਲਵੰਤ ਸਿੰਘ ਗਾਲਬ, ਗੁਰਦਿਆਲ ਸਿੰਘ ਤਲਵੰਡੀ, ਬੇਅੰਤ ਸਿੰਘ ਬਾਣੀਏਵਾਲ, ਸਤਵੰਤ ਸਿੰਘ ਸਿਵੀਆ, ਮਜ਼ਦੂਰ ਆਗੂ ਜਗਸੀਰ ਸਿੰਘ ਸੀਰਾ, ਨਿਹੰਗ ਸਿੰਘ ਬਾਬਾ ਸੁਖਦੇਵ ਸਿੰਘ ਲੋਪੋਂ, ਕੁਲਵਿੰਦਰ ਸਿੰਘ ਚੰਦੀ, ਬਿੰਦਰ ਮਨੀਲਾ, ਮਜ਼ਦੂਰ ਆਗੂ ਅਵਤਾਰ ਸਿੰਘ ਬਿੱਲਾ, ਦੇਵਰਾਜ ਆਦਿ ਹਾਜ਼ਰ ਸਨ -ਅਕਾਲੀ ਦਲ ਦੇ ਧਰਨੇ ’ਤੇ ਜਥੇਬੰਦੀਆਂ ਨੇ ਜਿਤਾਇਆ ਵਿਰੋਧ ਜਗਰਾਓਂ ਵਿਚ ਵਿਧਾਇਕਾ ਦੇ ਘਰ ਅੱਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਸ਼ਿਆਂ ਖ਼ਿਲਾਫ਼ ਵਿਰੋਧ ਪੱਤਰ ਸੌਂਪਣ ’ਤੇ ਵੱਖ-ਵੱਖ ਜਥੇਬੰਦੀਆਂ ਨੇ ਵਿਰੋਧ ਜਿਤਾਉਂਦਿਆਂ ਉਨ੍ਹਾਂ ਦੀ ਸਰਕਾਰ ਮੌਕੇ ਨਸ਼ਿਆਂ ਦਾ ਖਾਸ ਜ਼ਿਕਰ ਕੀਤਾ। ਇਸ ਦੌਰਾਨ ਬੁਲਾਰਿਆਂ ਨੇ ਨਸ਼ਿਆਂ ਦੀ ਸਰਪ੍ਰਸਤੀ ਲਈ ਅਕਾਲੀ ਆਗੂਆਂ ਦਾ ਨਾਮ ਲੈਂਦਿਆਂ ਅੱਜ ਦੇ ਧਰਨੇ, ਪ੍ਰਦਰਸ਼ਨ ਨੂੰ ਰਾਜਨੀਤੀ ਨਾਲ ਪ੍ਰੇਰਿਤ ਕਰਾਰ ਦਿੱਤਾ।