- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਪੀਆਈ (ਐੱਮ) ਵੱਲੋਂ ਜਗਰਾਓਂ ਦੇ ਐੱਸਡੀਐੱਮ ਦੇ ਦਫ਼ਤਰ ਅੱਗੇ ਧਰਨਾ ਅੱਜ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਿੱਧਵਾਂ ਬੇਟ : ਪਿੰਡ ਮੱਧੇਪੁਰ (ਲੁਧਿਆਣਾ) ਵਿਖੇ ਕਥਿਤ ਗੈਰ-ਕਾਨੂੰਨੀ ਰੇਤ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਸੀਪੀਆਈ (ਐੱਮ) ਦੇ ਆਗੂਆਂ ਅਤੇ ਇਲਾਕਾ ਵਾਸੀਆਂ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਿੰਡ ਮੱਧੇਪੁਰ ਦੀ ਗ੍ਰਾਮ ਪੰਚਾਇਤ ਨੇ ਵੀ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕਥਿਤ ਰੇਤ ਮਾਈਨਿੰਗ ਦਾ ਵਿਰੋਧ ਜਤਾਇਆ ਹੈ। ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਜੁਆਇੰਟ ਸਕੱਤਰ ਕਾਮਰੇਡ ਬਲਜੀਤ ਸਿੰਘ ਗੋਰਸੀਆ, ਜ਼ਿਲ੍ਹਾ ਪ੍ਰਧਾਨ ਪਾਲ ਸਿੰਘ ਭੰਮੀਪੁਰ, ਜਗਜੀਤ ਸਿੰਘ ਡਾਂਗੀਆਂ, ਹਰਦਿਆਲ ਸਿੰਘ ਤਿਹਾੜਾ, ਗੁਰਮੀਤ ਸਿੰਘ ਗੋਸੂਵਾਲ, ਮਸਤਾਨ ਸਿੰਘ ਪਰਜੀਆਂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ। ਸੀਪੀਆਈ (ਐੱਮ) ਵੱਲੋਂ ਦਿੱਤੇ ਮੰਗ ਪੱਤਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਐੱਮਐੱਸਐੱਮਕੇਸੀ ਇੰਫਰਾਸਟ੍ਰਕਚਰ ਲਿਮਟਿਡ ਨੂੰ ਪਹਿਲਾਂ ਹੀ ਬਲੈਕਲਿਸਟ ਕੀਤਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਇਹ ਫਰਮ ਪਿੰਡ ਮੱਧੇਪੁਰ, ਬਲੀਪੁਰ ਅਤੇ ਸਤਲੁਜ ਦਰਿਆ ਨਾਲ ਲੱਗਦੇ ਹੋਰ ਪਿੰਡਾਂ ਵਿੱਚ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਰੇਤ ਦੀ ਖੁਦਾਈ ਕਰ ਰਹੀ ਹੈ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਣ ਦੇ ਨਾਲ-ਨਾਲ ਵਾਤਾਵਰਣ ਦਾ ਵੀ ਗੰਭੀਰ ਨੁਕਸਾਨ ਹੋ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਬੀਤੀ 7 ਜੁਲਾਈ ਨੂੰ ਖਣਨ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਗਈ ਸੀ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਐਲਾਨ ਕੀਤਾ ਕਿ ਇਸ ਮਾਮਲੇ ਨੂੰ ਲੈ ਕੇ 21 ਜੁਲਾਈ ਮੰਗਲਵਾਰ ਨੂੰ ਐੱਸਡੀਐੱਮ ਜਗਰਾਓਂ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਲੋਕ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਪਿੰਡ ਮੱਧੇਪੁਰ ਦੀ ਗ੍ਰਾਮ ਪੰਚਾਇਤ ਨੇ ਵੀ ਆਪਣੇ ਮਤੇ ਵਿੱਚ ਕਿਹਾ ਹੈ ਕਿ ਪਿੰਡ ਨੇੜੇ ਹੋ ਰਹੀ ਕਥਿਤ ਰੇਤ ਮਾਈਨਿੰਗ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਚਾਇਤ ਨੇ ਦੋਸ਼ ਲਗਾਇਆ ਕਿ ਮਾਈਨਿੰਗ ਕਾਰਨ ਵਾਤਾਵਰਣ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਆਮ ਲੋਕਾਂ ਦੀ ਸੁਰੱਖਿਆ ਅਤੇ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਪੰਚਾਇਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਕਥਿਤ ਗੈਰ-ਕਾਨੂੰਨੀ ਮਾਈਨਿੰਗ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਇਸ ਮਤੇ ’ਤੇ ਸਰਪੰਚ ਹਰਜੀਤ ਕੌਰ ਸਮੇਤ ਪੰਚਾਇਤ ਮੈਂਬਰਾਂ ਨੇ ਦਸਤਖ਼ਤ ਕੀਤੇ ਹਨ। ਰੋਸ ਪ੍ਰਦਰਸ਼ਨ ਦੌਰਾਨ ਸੀਪੀਆਈ (ਐੱਮ) ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ, ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਕਥਿਤ ਗੈਰ-ਕਾਨੂੰਨੀ ਮਾਈਨਿੰਗ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ। ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਜੋ ਇਹ ਡੀਸੈਲਟਰਿੰਗ ਦਾ ਪ੍ਰੋਗਰਾਮ ਸਰਕਾਰ ਵੱਲੋਂ ਤਿੰਨਾਂ ਮਹੀਨਿਆਂ ਦੀ ਬਕਾਇਦਾ ਮਨਜ਼ੂਰੀ ਦਿੱਤੀ ਗਈ ਹੈ। ਇਸ ਮੌਕੇ ਸਰਪੰਚ ਪਰਮਜੀਤ ਕੌਰ, ਹਰਜੀਤ ਕੌਰ ਵੀਰ ਕੌਰ, ਗੁਰਮੀਤ ਕੌਰ ਪੰਚ, ਕੁਲਵਿੰਦਰ ਕੌਰ, ਦੀਵਾਨ ਸਿੰਘ, ਮਲਕੀਤ ਸਿੰਘ, ਜਸਵੀਰ ਸਿੰਘ, ਬੂਟਾ ਸਿੰਘ, ਸੰਤੋਖ ਸਿੰਘ, ਲਛਮਣ ਸਿੰਘ, ਗੁਰਦਿਆਲ ਸਿੰਘ, ਜਸਵਿੰਦਰ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।