ਲੁਧਿਆਣਾ 'ਚ ਬਿਜਲੀ ਮੁਲਾਜ਼ਮ ਦੀ ਦਲੇਰੀ : ਲੁੱਟ ਦੀ ਨੀਅਤ ਨਾਲ ਆਏ ਹਥਿਆਰਬੰਦ ਬਦਮਾਸ਼ਾਂ ਨੂੰ ਲੋਕਾਂ ਦੀ ਮਦਦ ਨਾਲ ਮੌਕੇ 'ਤੇ ਹੀ ਦਬੋਚਿਆ
ਸੋਮਵਾਰ ਦੇਰ ਰਾਤ ਕਰੀਬ 12:30 ਵਜੇ ਜਨਤਾ ਨਗਰ ਸਥਿਤ ਬਿਜਲੀ ਘਰ ਦੇ ਗੇਟ ਨੇੜੇ ਇੱਕ ਮੁਲਾਜ਼ਮ ਡਿਊਟੀ ਕਰ ਰਿਹਾ ਸੀ। ਇਲਾਕੇ ਵਿੱਚ ਸੁੰਨਸਾਨ ਮਾਹੌਲ ਦਾ ਫਾਇਦਾ ਚੁੱਕਦਿਆਂ ਦੋ ਅਣਪਛਾਤੇ ਲੁਟੇਰੇ ਉੱਥੇ ਪਹੁੰਚੇ ਅਤੇ ਇਕੱਲਾ ਦੇਖ ਕੇ ਮੁਲਾਜ਼ਮ 'ਤੇ ਅਚਾਨਕ ਹਮਲਾ ਕਰ ਦਿੱਤਾ।
Publish Date: Tue, 02 Jun 2026 03:36 PM (IST)
Updated Date: Tue, 02 Jun 2026 03:42 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਜਨਤਾ ਨਗਰ ਇਲਾਕੇ ਵਿੱਚ ਸਥਿਤ ਬਿਜਲੀ ਘਰ 'ਚ ਅੱਧੀ ਰਾਤ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਲੁੱਟ ਦੀ ਨੀਅਤ ਨਾਲ ਆਏ ਦੋ ਹਥਿਆਰਬੰਦ ਬਦਮਾਸ਼ਾਂ ਦਾ ਸਾਹਮਣਾ ਡਿਊਟੀ 'ਤੇ ਤਾਇਨਾਤ ਇਕ ਬਿਜਲੀ ਮੁਲਾਜ਼ਮ ਨਾਲ ਹੋ ਗਿਆ। ਮੁਲਾਜ਼ਮ ਦੀ ਦਲੇਰੀ ਦੇ ਚਲਦਿਆਂ ਨਾ ਸਿਰਫ਼ ਬਦਮਾਸ਼ਾਂ ਦੀ ਕੋਸ਼ਿਸ਼ ਨਾਕਾਮ ਕੀਤੀ, ਸਗੋਂ ਲੋਕਾਂ ਦੀ ਮਦਦ ਨਾਲ ਦੋਵੇਂ ਨੂੰ ਮੌਕੇ 'ਤੇ ਹੀ ਕਾਬੂ ਵੀ ਕਰਵਾ ਦਿੱਤਾ।
ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਕਰੀਬ 12:30 ਵਜੇ ਜਨਤਾ ਨਗਰ ਸਥਿਤ ਬਿਜਲੀ ਘਰ ਦੇ ਗੇਟ ਨੇੜੇ ਇੱਕ ਮੁਲਾਜ਼ਮ ਡਿਊਟੀ ਕਰ ਰਿਹਾ ਸੀ। ਇਲਾਕੇ ਵਿੱਚ ਸੁੰਨਸਾਨ ਮਾਹੌਲ ਦਾ ਫਾਇਦਾ ਚੁੱਕਦਿਆਂ ਦੋ ਅਣਪਛਾਤੇ ਲੁਟੇਰੇ ਉੱਥੇ ਪਹੁੰਚੇ ਅਤੇ ਇਕੱਲਾ ਦੇਖ ਕੇ ਮੁਲਾਜ਼ਮ 'ਤੇ ਅਚਾਨਕ ਹਮਲਾ ਕਰ ਦਿੱਤਾ। ਬਦਮਾਸ਼ਾਂ ਦਾ ਮਕਸਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ।
ਅਚਾਨਕ ਹੋਏ ਹਮਲੇ ਤੋਂ ਘਬਰਾਉਣ ਦੀ ਬਜਾਏ ਮੁਲਾਜ਼ਮ ਨੇ ਦਲੇਰੀ ਦਿਖਾਈ ਅਤੇ ਬਦਮਾਸ਼ਾਂ ਦਾ ਡਟ ਕੇ ਮੁਕਾਬਲਾ ਕੀਤਾ। ਉਸ ਨੇ ਉੱਚੀ ਆਵਾਜ਼ ਵਿੱਚ ਰੌਲਾ ਪਾਇਆ, ਜਿਸ ਕਾਰਨ ਆਲੇ-ਦੁਆਲੇ ਦੇ ਲੋਕ ਜਾਗ ਪਏ ਅਤੇ ਤੁਰੰਤ ਮੌਕੇ 'ਤੇ ਪਹੁੰਚ ਗਏ। ਲੋਕਾਂ ਨੂੰ ਇਕੱਠਾ ਹੁੰਦਾ ਦੇਖ ਕੇ ਬਦਮਾਸ਼ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪਰ ਭੀੜ ਨੇ ਚਾਰੋਂ ਪਾਸਿਆਂ ਤੋਂ ਘੇਰਾਬੰਦੀ ਕਰਕੇ ਦੋਵੇਂ ਨੂੰ ਕਾਬੂ ਕਰ ਲਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਦੋਵੇਂ ਮੁਲਜ਼ਮਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਤਲਾਸ਼ੀ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਇੱਕ ਗੈਰ-ਕਾਨੂੰਨੀ ਰਿਵਾਲਵਰ ਵੀ ਬਰਾਮਦ ਕੀਤਾ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੁਲਜ਼ਮ ਕਿਸ ਗਿਰੋਹ ਨਾਲ ਸਬੰਧਤ ਹਨ ਅਤੇ ਕੀ ਉਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ। ਬਿਜਲੀ ਮੁਲਾਜ਼ਮ ਦੀ ਦਲੇਰੀ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ ਅਤੇ ਲੋਕ ਉਸ ਦੀ ਬਹਾਦਰੀ ਦੀ ਸਰਾਹਨਾ ਕਰ ਰਹੇ ਹਨ।