- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕਰਾਕਰੀ ’ਚੋਂ ਵਰਸਾਚੇ ਕੰਪਨੀ ਦਾ ਨਕਲੀ ਸਾਮਾਨ ਬਰਾਮਦ, ਮਾਲਕ ਖਿਲਾਫ ਕੇਸ ਦਰਜ

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਸ਼ਹਿਰ ਦੇ ਮਸ਼ਹੂਰ ਪੰਜਾਬ ਕਰਾਕਰੀ ਸ਼ੋਅਰੂਮ ਅਮਲੋਹ ਰੋਡ ਖੰਨਾ ਤੋਂ ਵਰਸਾਚੇ ਕੰਪਨੀ ਦਾ ਨਕਲੀ ਸਾਮਾਨ ਬਰਾਮਦ ਹੋਇਆ। ਜਿਸ ਨੂੰ ਲੈ ਕੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਖੰਨਾ ’ਚ ਦੀਵਾਲੀ ਤੋਂ ਪਹਿਲਾਂ ਨਕਲੀ ਸਾਮਾਨ ਵੇਚਣ ਦੇ ਮਾਮਲੇ ’ਚ ਵੱਡੀ ਕਾਰਵਾਈ ਨੇ ਹੜਕੰਪ ਮਚਾ ਦਿੱਤਾ ਹੈ। ਕਰਾਕਰੀ ਸ਼ੋਅਰੂਮ ਪੰਜਾਬ ਕਰਾਕਰੀ ’ਤੇ ਸਬੰਧਿਤ ਕੰਪਨੀ ਦੀ ਟੀਮ ਨੇ ਪੁਲਿਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ। ਇਸ ਦੌਰਾਨ ਸ਼ੋਅਰੂਮ ’ਚੋਂ ਲੱਖਾਂ ਰੁਪਏ ਦਾ ਨਕਲੀ ਸਾਮਾਨ ਬਰਾਮਦ ਕੀਤਾ। ਦੋਸ਼ ਹੈ ਕਿ ਸ਼ੋਅਰੂਮ ’ਚ ਵਰਸਾਚੇ ਕੰਪਨੀ ਦੇ ਨਾਂ ’ਤੇ ਨਕਲੀ ਸਾਮਾਨ ਵੇਚਿਆ ਜਾ ਰਿਹਾ ਸੀ। ਕੰਪਨੀ ਦੀ ਟੀਮ ਦੀ ਇਸ ਕਾਰਵਾਈ ਨਾਲ ਸ਼ੋਅਰੂਮ ’ਚ ਹਫੜਾ-ਦਫੜੀ ਮਚ ਗਈ।
ਜਾਣਕਾਰੀ ਅਨੁਸਾਰ ਦੀਵਾਲੀ ਦੇ ਤਿਉਹਾਰ ਨੂੰ ਦੇਖਦਿਆਂ ਬਾਜ਼ਾਰਾਂ ’ਚ ਕਰਾਕਰੀ ਅਤੇ ਘਰੇਲੂ ਵਰਤੋਂ ਦੇ ਸਾਮਾਨ ਦੀ ਵਿਕਰੀ ਕਾਫੀ ਵੱਧ ਜਾਂਦੀ ਹੈ। ਇਸੇ ਦਾ ਫਾਇਦਾ ਚੁੱਕ ਕੇ ਕੁਝ ਸ਼ੋਅਰੂਮ ਮਾਲਕ ਅਤੇ ਦੁਕਾਨਦਾਰ ਨਾਮੀ ਵਿਦੇਸ਼ੀ ਕੰਪਨੀਆਂ ਦੇ ਬ੍ਰਾਂਡਾਂ ਦੇ ਨਾਂ ’ਤੇ ਨਕਲੀ ਸਾਮਾਨ ਵੇਚ ਕੇ ਗਾਹਕਾਂ ਨੂੰ ਗੁੰਮਰਾਹ ਕਰ ਕੇ ਮੋਟਾ ਮੁਨਾਫ਼ਾ ਕਮਾ ਰਹੇ ਹਨ। ਮੋਰਿੰਡਾ ਤੋਂ ਕੰਪਨੀ ਦੇ ਅਧਿਕਾਰੀ ਰਾਜਿੰਦਰ ਆਪਣੀ ਟੀਮ ਨਾਲ ਛਾਪੇਮਾਰੀ ਕਰਨ ਪਹੁੰਚੇ ਸਨ। ਉਨ੍ਹਾਂ ਦੇ ਨਾਲ ਕੰਪਨੀ ਦੇ ਲੀਗਲ ਅਧਿਕਾਰੀ ਵੀ ਮੌਜੂਦ ਸਨ। ਕੰਪਨੀ ਨੂੰ ਸ਼ਿਕਾਇਤ ਮਿਲੀ ਸੀ ਕਿ ਖੰਨਾ ਦੇ ਪੰਜਾਬ ਕਰਾਕਰੀ ਸ਼ੋਅਰੂਮ ’ਚ ਵਰਸਾਚੇ ਬ੍ਰਾਂਡ ਨਾਲ ਮਿਲਦਾ-ਜੁਲਦਾ ਡੁਪਲੀਕੇਟ ਸਾਮਾਨ ਵੇਚਿਆ ਜਾ ਰਿਹਾ ਹੈ। ਇਸ ਤੋਂ ਬਾਅਦ ਕੰਪਨੀ ਦੀ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਪੁਲਿਸ ਨੂੰ ਨਾਲ ਲੈ ਕੇ ਸ਼ੋਅਰੂਮ ’ਤੇ ਛਾਪਾ ਮਾਰਿਆ।
ਛਾਪੇਮਾਰੀ ਦੌਰਾਨ ਟੀਮ ਨੇ ਸ਼ੋਅਰੂਮ ’ਚ ਰੱਖੇ ਸਾਮਾਨ ਦੀ ਬਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਵਿਦੇਸ਼ੀ ਕੰਪਨੀ ਦੇ ਨਾਂ ਅਤੇ ਬ੍ਰਾਂਡ ਨਾਲ ਸਬੰਧਿਤ ਲੱਖਾਂ ਰੁਪਏ ਦਾ ਨਕਲੀ ਸਾਮਾਨ ਬਰਾਮਦ ਕੀਤਾ ਗਿਆ। ਟੀਮ ਵੱਲੋਂ ਸਾਮਾਨ ਦੀ ਪਛਾਣ ਅਤੇ ਜਾਂਚ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਮਾਨ ਗਾਹਕਾਂ ਨੂੰ ਅਸਲੀ ਬ੍ਰਾਂਡ ਦਾ ਦੱਸ ਕੇ ਵੇਚਿਆ ਜਾ ਰਿਹਾ ਸੀ। ਕੰਪਨੀ ਦੇ ਲੀਗਲ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਕਰਾਕਰੀ ਸ਼ੋਅਰੂਮ ’ਚ ਵਰਸਾਚੇ ਕੰਪਨੀ ਦੇ ਨਾਂ ’ਤੇ ਨਕਲੀ ਮਾਲ ਵੇਚਿਆ ਜਾ ਰਿਹਾ ਹੈ। ਇਸ ’ਚ ਡਿਨਰ ਸੈੱਟ, ਗਲਾਸ ਅਤੇ ਪਲੇਟਾਂ ਸ਼ਾਮਲ ਸਨ। ਇਨ੍ਹਾਂ ਦੀ ਅਸਲ ਕੀਮਤ ਲੱਖਾਂ ਰੁਪਏ ਹੈ, ਜਦਕਿ ਇਨ੍ਹਾਂ ਨੂੰ ਢਾਈ ਤੋਂ ਤਿੰਨ ਹਜ਼ਾਰ ਰੁਪਏ ’ਚ ਵੇਚਿਆ ਜਾ ਰਿਹਾ ਸੀ। ਕੰਪਨੀ ਵੱਲੋਂ ਕਾਪੀਰਾਈਟ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਥਾਣਾ ਸਿਟੀ-2 ਦੇ ਐੱਸਐੱਚਓ ਤਰਵਿੰਦਰ ਕੁਮਾਰ ਬੇਦੀ ਨੇ ਦੱਸਿਆ ਕਿ ਪੁਲਿਸ ਨੇ ਸ਼ੋਅਰੂਮ ਦੇ ਮਾਲਕ ਪਰਮਜੀਤ ਸਿੰਘ ਵਾਸੀ ਖੰਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।