- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ 25 ਵਿੱਚ ਸੀਵਰੇਜ, ਕੂੜੇ ਤੇ ਬਦਹਾਲ ਸੜਕਾਂ ਦਾ ਕੌਂਸਲਰ ਨੇ ਲਿਆ ਜਾਇਜ਼ਾ

-ਨਵਰਾਤਰਿਆਂ ਤੋਂ ਪਹਿਲਾਂ ਸਫ਼ਾਈ ਪ੍ਰਬੰਧ ਸੁਧਾਰਨ ਦੇ ਨਿਰਦੇਸ਼, ਵਿਹੜਾ ਸੰਚਾਲਕਾਂ ’ਤੇ ਕਾਰਵਾਈ ਕਰਨ ਦੀ ਤਿਆਰੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ
ਵਾਰਡ ਨੰਬਰ 25 ਵਿੱਚ ਸੀਵਰੇਜ, ਕੂੜੇ ਅਤੇ ਖ਼ਰਾਬ ਸੜਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੌਂਸਲਰ ਪਤੀ ਕਮਲਜੀਤ ਸਿੰਘ ਬੋਪਾਰਾਏ ਤੇ ਕੌਂਸਲਰ ਸੁਖਜਿੰਦਰ ਕੌਰ ਨੇ ਸੋਮਵਾਰ ਨੂੰ ਇਲਾਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਨਗਰ ਨਿਗਮ ਦੀ ਟੀਮ ਵੀ ਉਨ੍ਹਾਂ ਦੇ ਨਾਲ ਰਹੀ।
ਜਾਇਜ਼ੇ ਦੀ ਸ਼ੁਰੂਆਤ ਭਾਰਗੋ ਰੋਡ ਤੋਂ ਕੀਤੀ ਗਈ। ਇਸ ਤੋਂ ਬਾਅਦ ਦੁਰਗਾ ਕਾਲੋਨੀ ਮੇਨ ਮਾਰਕੀਟ, ਮੱਛੀ ਮਾਰਕੀਟ, ਨਿਊ ਦੁਰਗਾ ਕਾਲੋਨੀ, ਪ੍ਰੇਮ ਨਗਰ, ਈਸ਼ਵਰ ਕਾਲੋਨੀ, ਗੋਬਿੰਦਗੜ੍ਹ ਹਾਥੀ ਕਾਲੋਨੀ ਅਤੇ ਬਾਲਾਲਾ ਕਾਲੋਨੀ ਸਮੇਤ ਆਸ-ਪਾਸ ਦੇ ਇਲਾਕਿਆਂ ਦਾ ਨਿਰੀਖਣ ਕੀਤਾ ਗਿਆ। ਕਈ ਥਾਵਾਂ ’ਤੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ’ਤੇ ਜਮ੍ਹਾਂ ਮਿਲਿਆ, ਜਦਕਿ ਕੁੱਝ ਥਾਵਾਂ ’ਤੇ ਇਹ ਪਾਣੀ ਘਰਾਂ ਤੱਕ ਪਹੁੰਚਿਆ ਹੋਇਆ ਸੀ। ਇਸ ਤੋਂ ਇਲਾਵਾ ਸੜਕਾਂ ਦੇ ਵਿਚਕਾਰ ਅਤੇ ਕਿਨਾਰਿਆਂ ’ਤੇ ਕੂੜਾ ਖਿੱਲਰਿਆ ਮਿਲਿਆ। ਕਈ ਗਲੀਆਂ ਦੀਆਂ ਸੜਕਾਂ ਦੀ ਹਾਲਤ ਵੀ ਖ਼ਰਾਬ ਪਾਈ ਗਈ।
ਨਵਰਾਤਰੀ ਦੇ ਮੱਦੇਨਜ਼ਰ ਕੌਂਸਲਰ ਵੱਲੋਂ ਨਗਰ ਨਿਗਮ ਦੀ ਟੀਮ ਨੂੰ ਸਫ਼ਾਈ ਪ੍ਰਬੰਧ ਸੁਧਾਰਨ ਦੇ ਨਿਰਦੇਸ਼ ਦਿੱਤੇ ਗਏ। ਵਾਰਡ ਦੇ ਵੱਖ-ਵੱਖ ਇਲਾਕਿਆਂ ਵਿੱਚ ਨਵਰਾਤਰੀ ਦੌਰਾਨ ਕਲਸ਼ ਯਾਤਰਾਵਾਂ ਅਤੇ ਹੋਰ ਧਾਰਮਿਕ ਗਤੀਵਿਧੀਆਂ ਹੋਣੀਆਂ ਹਨ। ਇਸ ਲਈ ਸੜਕਾਂ ’ਤੇ ਜਮ੍ਹਾਂ ਸੀਵਰੇਜ ਦੇ ਪਾਣੀ ਅਤੇ ਕੂੜੇ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਨ ਲਈ ਕਿਹਾ ਗਿਆ।
ਜਿੱਥੇ ਸੀਵਰੇਜ ਦਾ ਪਾਣੀ ਸੜਕਾਂ ’ਤੇ ਜਮ੍ਹਾਂ ਸੀ, ਉੱਥੇ ਟੈਂਕਰਾਂ ਰਾਹੀਂ ਸਫ਼ਾਈ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਨਾਲ ਹੀ ਕੂੜੇ ਵਾਲੀਆਂ ਥਾਵਾਂ ਤੋਂ ਤੁਰੰਤ ਕੂੜਾ ਚੁੱਕਣ ਲਈ ਨਿਗਮ ਕਰਮਚਾਰੀਆਂ ਨੂੰ ਕਿਹਾ ਗਿਆ। ਨਿਰੀਖਣ ਦੌਰਾਨ ਖ਼ਰਾਬ ਮਿਲੀਆਂ ਉਨ੍ਹਾਂ ਗਲੀਆਂ ਦੀਆਂ ਸੜਕਾਂ, ਜਿਨ੍ਹਾਂ ਦਾ ਨਿਰਮਾਣ ਕੰਮ ਪਹਿਲਾਂ ਹੀ ਪਾਸ ਹੋ ਚੁੱਕਾ ਹੈ, ਸਬੰਧੀ ਕੌਂਸਲਰ ਨੇ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਜਲਦ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ। ਜਿਨ੍ਹਾਂ ਸੜਕਾਂ ਦਾ ਕੰਮ ਹਾਲੇ ਪਾਸ ਨਹੀਂ ਹੋਇਆ, ਉੱਥੇ ਲੋਕਾਂ ਦੀ ਆਵਾਜਾਈ ਲਈ ਰਸਤਾ ਚੱਲਣਯੋਗ ਬਣਾਉਣ ਦੇ ਯਤਨ ਕਰਨ ਦੀ ਗੱਲ ਕਹੀ ਗਈ।
ਬੋਪਾਰਾਏ ਨੇ ਕਿਹਾ ਕਿ ਇਲਾਕੇ ਵਿੱਚ ਕੁੱਝ ਵਿਹੜਾ ਸੰਚਾਲਕਾਂ ਵੱਲੋਂ ਸੀਵਰੇਜ ਦਾ ਪਾਣੀ ਸੜਕਾਂ ’ਤੇ ਸੁੱਟਣ ਅਤੇ ਕੂੜਾ ਖੁੱਲ੍ਹੇ ਵਿੱਚ ਸੁੱਟਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਬੰਧਤ ਲੋਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ।
ਇਸ ਦੌਰਾਨ ਜੇਕਰ ਸੀਵਰੇਜ ਕੁਨੈਕਸ਼ਨ ਠੀਕ ਨਾ ਕਰਵਾਏ ਗਏ ਅਤੇ ਸੜਕਾਂ ’ਤੇ ਕੂੜਾ ਸੁੱਟਣਾ ਬੰਦ ਨਾ ਕੀਤਾ ਗਿਆ, ਤਾਂ ਨਗਰ ਨਿਗਮ ਵੱਲੋਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਾਰਡ ਵਿੱਚ ਸੀਵਰੇਜ, ਸਫ਼ਾਈ ਤੇ ਸੜਕਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਨਵਰਾਤਰੀ ਦੌਰਾਨ ਇਲਾਕਾ ਵਾਸੀਆਂ ਤੇ ਸ਼ਰਧਾਲੂਆਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।