
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੋਕ ਪਹਿਲੇ ਪੰਨ੍ਹੇ ਲਈ-ਕਮਿਸ਼ਨਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਠੇਕੇਦਾਰ ਪਾ ਰਿਹਾ ਜਮੀਨ ਹੇਠ ਫੋਨ ਕੇਬਲ

-ਨਗਰ ਨਿਗਮ ਦੇ ਅਧਿਕਾਰੀ ਸ਼ਹਿਰ ’ਚ ਹੋਈਆਂ ਗ਼ਲਤੀਆਂ ਤੋਂ ਨਹੀਂ ਲੈ ਰਹੇ ਸਬਕ
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ ਸਾਨੇਵਾਲ
ਬਰਸਾਤ ’ਚ ਕਿਚਲੂ ਨਗਰ, ਸਰਾਭਾ ਨਗਰ ਤੇ ਸ਼ਹਿਰ ਦੇ ਕਈ ਥਾਵਾਂ ’ਤੇ ਸੀਵਰੇਜ ਪਾਈਪਾਂ ਤੇ ਚੈਂਬਰ ਟੁੱਟ ਜਾਣ ਕਰਕੇ ਵੱਡੇ ਹਾਦਸੇ ਵਾਪਰੇ ਸਨ। ਜਿਸ ਦੇ ਲਈ ਨਗਰ ਨਿਗਮ ਅਧਿਕਾਰੀਆਂ ਨੇ ਧਰਤੀ ਹੇਠ ਮਸ਼ੀਨਾਂ ਰਾਹੀਂ ਫੋਨ ਵਾਲੀਆਂ ਕੇਬਲ ਤਾਰਾਂ ਅਤੇ ਪਾਈਪਾਂ ਪਾਉਣ ਵਾਲੀਆਂ ਕੰਪਨੀਆਂ ਅਤੇ ਠੇਕੇਦਾਰਾਂ ਨੂੰ ਜ਼ਿੰਮੇਵਾਰ ਦੱਸਿਆ ਸੀ, ਜਿਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਬਰਸਾਤ ਦੇ ਦਿਨਾਂ ’ਚ ਧਰਤੀ ਹੇਠ ਕੇਬਲ ਅਤੇ ਫੋਨ ਤਾਰਾਂ ਦੇ ਚੱਲ ਰਹੇ ਕੰਮਾਂ ਤੇ ਪਾਬੰਦੀ ਲਾਉਣ ਦੇ ਸਖ਼ਤ ਹੁਕਮ ਦਿੱਤੇ ਸਨ, ਪਰ ਨਿਗਮ ਦੇ ਕਮਿਸ਼ਨਰ ਦੇ ਹੁਕਮਾਂ ਦੇ ਬਾਵਜੂਦ ਜੋਧੇਵਾਲ ਬਸਤੀ ਤੋਂ ਟਿੱਬਾ ਰੋਡ ਨੂੰ ਜਾਂਦੇ ਨੈਸ਼ਨਲ ਹਾਈਵੇ ਦੇ ਨਾਲ ਸਰਵਿਸ ਲੈਣ ਉਪਰ ਇਕ ਨਾਮਵਰ ਫੋਨ ਕੰਪਨੀ ਦੀ ਕੇਬਲ ਪਾਉਣ ਵਾਲੇ ਠੇਕੇਦਾਰ ਵੱਲੋਂ ਕਮਿਸ਼ਨਰ ਦੇ ਹੁਕਮਾਂ ਅਤੇ ਨਿਯਮਾਂ ਨੂੰ ਟਿੱਚ ਜਾਣ ਦੇ ਬੇਖ਼ੌਫ਼ ਹੋ ਕੇ ਆਪਣੀ ਮਸ਼ੀਨ ਦੇ ਨਾਲ ਕੇਬਲ ਤੇ ਪਾਈਪਾਂ ਪਾਈਆਂ ਜਾ ਰਹੀਆਂ ਹਨ। ਜਦੋਂ ਕੇਬਲ ਪਾ ਰਹੇ ਮੁਲਾਜ਼ਮਾਂ ਦੇ ਠੇਕੇਦਾਰ ਵਿੱਕੀ ਵਰਮਾ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਉਹਨਾਂ ਕੋਲ ਨੈਸ਼ਨਲ ਹਾਈਵੇ ਦੀ ਪਰਮਿਸ਼ਨ ਹੈ ਤੇ ਜਦੋਂ ਕੇਬਲ ਪਾ ਰਹੇ ਮਜ਼ਦੂਰਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਇਲਾਕਾ ਕੌਂਸਲਰ ਨੇ ਇਹ ਕੰਮ ਕਰਨ ਦੇ ਲਈ ਕਿਹਾ ਹੈ। ਜਦੋਂ ਕਿ ਅਜਿਹੀਆਂ ਪਾਈਪਾਂ ਜਾ ਕੇਬਲ ਨਗਰ ਨਿਗਮ ਤੋਂ ਆਗਿਆ ਲੈਣ ਦੀ ਲੋੜ ਪੈਂਦੀ ਹੈ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਕੇਬਲ ਪਾਉਣ ਵਾਲੀਆਂ ਕੰਪਨੀਆਂ ਅਤੇ ਠੇਕੇਦਾਰ ਕਈ ਵਾਰ ਨਵੀਆਂ ਸੜਕਾਂ, ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਤੋੜ ਕੇ ਚਲੇ ਜਾਂਦੇ ਹਨ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਠੇਕੇਦਾਰ ਜਿਸ ਦੇ ਹੁਕਮ ਦੇ ਨਾਲ ਇਹ ਕੰਮ ਕਰ ਰਿਹਾ ਹੈ
-ਕੁੱਝ ਦਿਨ ਪਹਿਲਾਂ ਇਸੇ ਠੇਕੇਦਾਰ ਨੇ ਤੋੜ ਦਿੱਤੀ ਸੀ, ਪੀਣ ਵਾਲੇ ਪਾਣੀ ਦੀ ਪਾਈਪ
ਇਲਾਕੇ ਵਾਸੀਆਂ ਅਨੁਸਾਰ ਕੁੱਝ ਦਿਨ ਪਹਿਲਾਂ ਵੀ ਇਸੇ ਠੇਕੇਦਾਰ ਨੇ ਆਪਣੀ ਮਸ਼ੀਨ ਦੇ ਬਰਮੇ ਦੇ ਨਾਲ ਅੰਡਰਗਰਾਊਂਡ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਤੋੜ ਦਿੱਤੀਆਂ ਸਨ, ਜਿਸ ਨੂੰ ਇਲਾਕੇ ਦੇ ਲੋਕਾਂ ਨੇ ਜਦੋਂ ਰੌਲ਼ਾ ਪਾਇਆ, ਤਾਂ ਇਸੇ ਠੇਕੇਦਾਰ ਨੇ ਉਸ ਨੂੰ ਠੀਕ ਕੀਤਾ ਸੀ ਉਸ ਸਮੇਂ ਇਲਾਕਾ ਕੌਂਸਲਰ ਨੇ ਇਸ ਦਾ ਕੰਮ ਬੰਦ ਕਰਵਾਇਆ ਸੀ, ਪਰ ਪਤਾ ਨਹੀਂ ਹੁਣ ਇਸ ਨੇ ਮੁੜ ਕੰਮ ਕਿਵੇਂ ਸ਼ੁਰੂ ਕਰ ਦਿੱਤਾ ਹੈ।
-ਅਸੀਂ ਪਹਿਲਾਂ ਹੀ ਕਰਵਾ ਚੁੱਕੇ ਹਾਂ ਠੇਕੇਦਾਰ ਦਾ ਕੰਮ ਬੰਦ : ਚੌਧਰੀ
ਇਸ ਸਬੰਧੀ ਜਦੋਂ ਇਲਾਕਾ ਕੌਂਸਲਰ ਦੀਪਾ ਰਾਣੀ ਚੌਧਰੀ ਦੇ ਪਤੀ ਅਨੁਜ ਚੌਧਰੀ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਪਹਿਲਾਂ ਵੀ ਇਸ ਠੇਕੇਦਾਰ ਨੇ ਪਾਈਪ ਤੋੜੀ ਸੀ। ਅਸੀਂ ਕੰਮ ਬੰਦ ਕਰਵਾ ਚੁੱਕੇ ਹਾਂ ਜੇਕਰ ਹੁਣ ਇਹ ਠੇਕੇਦਾਰ ਗਲਤ ਤਰੀਕੇ ਨਾਲ ਕੰਮ ਕਰਦਾ ਹੈ, ਤਾਂ ਇਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
-ਨਿਗਮ ਕਮਿਸ਼ਨਰ ਤੇ ਜ਼ੋਨਲ ਕਮਿਸ਼ਨਰ ਨੇ ਨਹੀਂ ਚੁੱਕਿਆ ਫੋਨ
ਇਸ ਸਬੰਧੀ ਗੱਲਬਾਤ ਕਰਨ ਲਈ ਜਦੋਂ ਨਿਗਮ ਦੇ ਕਮਿਸ਼ਨਰ, ਜੁਆਇੰਟ ਕਮਿਸ਼ਨਰ ਤੇ ਜ਼ੋਨਲ ਕਮਿਸ਼ਨਰ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ।