PRTC ਤੇ ਪਨਬੱਸ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ: ਯਾਤਰੀ ਬੇਹਾਲ, ਨਿੱਜੀ ਬੱਸਾਂ ਦਾ ਲੈਣਾ ਪਿਆ ਸਹਾਰਾ
ਸਵੇਰ ਤੋਂ ਹੀ ਬੱਸਾਂ ਦੀ ਉਡੀਕ ਵਿੱਚ ਯਾਤਰੀ ਪ੍ਰੇਸ਼ਾਨ ਰਹਿੰਦੇ ਨਜ਼ਰ ਆਏ। ਗਰਮੀ ਦੇ ਮੌਸਮ ਵਿੱਚ ਲੰਮੇ ਸਮੇਂ ਤੱਕ ਬੱਸਾਂ ਦਾ ਇੰਤਜ਼ਾਰ ਕਰਨਾ ਯਾਤਰੀਆਂ ਲਈ ਮੁਸ਼ਕਲ ਸਾਬਤ ਹੋਇਆ। ਸਰਕਾਰੀ ਬੱਸਾਂ ਨਾ ਚੱਲਣ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਯਾਤਰੀਆਂ ’ਤੇ ਪਿਆ, ਜੋ ਰੋਜ਼ਾਨਾ ਦੇ ਸਫ਼ਰ ਲਈ ਪੀ.ਆਰ.ਟੀ.ਸੀ. ਅਤੇ ਪਨਬੱਸ ’ਤੇ ਨਿਰਭਰ ਰਹਿੰਦੇ ਹਨ। ਔਰਤਾਂ ਨੂੰ ਵੀ ਭਾਰੀ ਪਰੇਸ਼ਾਨੀ ਝੱਲਣੀ ਪਈ, ਕਿਉਂਕਿ ਉਹ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਾ ਲਾਭ ਲੈਂਦੀਆਂ ਹਨ।
Publish Date: Mon, 03 Aug 2026 12:13 PM (IST)
Updated Date: Mon, 03 Aug 2026 12:16 PM (IST)
ਜਾਗਰਣ ਸੰਵਾਦਦਾ, ਲੁਧਿਆਣਾ। ਪੀ.ਆਰ.ਟੀ.ਸੀ. ਅਤੇ ਪਨਬੱਸ ਦੇ ਕੱਚੇ ਕੰਟਰੈਕਟ ਮੁਲਾਜ਼ਮਾਂ ਦੀ ਤਿੰਨ ਦਿਨਾਂ ਹੜਤਾਲ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। 3 ਤੋਂ 5 ਅਗਸਤ ਤੱਕ ਚੱਲਣ ਵਾਲੀ ਇਸ ਹੜਤਾਲ ਕਾਰਨ ਸਰਕਾਰੀ ਬੱਸਾਂ ਦਾ ਸੰਚਾਲਨ ਪ੍ਰਭਾਵਿਤ ਹੋਣ ਕਰਕੇ ਬੱਸ ਸਟੈਂਡ 'ਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਵੇਰ ਤੋਂ ਹੀ ਬੱਸਾਂ ਦੀ ਉਡੀਕ ਵਿੱਚ ਯਾਤਰੀ ਪ੍ਰੇਸ਼ਾਨ ਰਹਿੰਦੇ ਨਜ਼ਰ ਆਏ। ਗਰਮੀ ਦੇ ਮੌਸਮ ਵਿੱਚ ਲੰਮੇ ਸਮੇਂ ਤੱਕ ਬੱਸਾਂ ਦਾ ਇੰਤਜ਼ਾਰ ਕਰਨਾ ਯਾਤਰੀਆਂ ਲਈ ਮੁਸ਼ਕਲ ਸਾਬਤ ਹੋਇਆ।
ਸਰਕਾਰੀ ਬੱਸਾਂ ਨਾ ਚੱਲਣ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਯਾਤਰੀਆਂ ’ਤੇ ਪਿਆ, ਜੋ ਰੋਜ਼ਾਨਾ ਦੇ ਸਫ਼ਰ ਲਈ ਪੀ.ਆਰ.ਟੀ.ਸੀ. ਅਤੇ ਪਨਬੱਸ ’ਤੇ ਨਿਰਭਰ ਰਹਿੰਦੇ ਹਨ। ਔਰਤਾਂ ਨੂੰ ਵੀ ਭਾਰੀ ਪਰੇਸ਼ਾਨੀ ਝੱਲਣੀ ਪਈ, ਕਿਉਂਕਿ ਉਹ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਾ ਲਾਭ ਲੈਂਦੀਆਂ ਹਨ।
ਬੱਸਾਂ ਨਾ ਮਿਲਣ ਕਾਰਨ ਕਈ ਔਰਤਾਂ ਨੂੰ ਮਜ਼ਬੂਰੀ ਵਿੱਚ ਨਿੱਜੀ ਬੱਸਾਂ ਦਾ ਸਹਾਰਾ ਲੈਣਾ ਪਿਆ। ਇਸ ਨਾਲ ਉਨ੍ਹਾਂ ਨੂੰ ਕਿਰਾਇਆ ਵੀ ਦੇਣਾ ਪਿਆ ਅਤੇ ਕਈ ਰੂਟਾਂ ਉੱਤੇ ਬੱਸ ਲਈ ਵਧੇਰੇ ਸਮਾਂ ਉਡੀਕ ਕਰਨੀ ਪਈ।
ਉੱਧਰ, ਕੰਟਰੈਕਟ ਮੁਲਾਜ਼ਮਾਂ ਨੇ ਸਵੇਰ ਤੋਂ ਹੀ ਬੱਸ ਸਟੈਂਡ ’ਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਆਖਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਕਿਲੋਮੀਟਰ ਸਕੀਮ ਬੰਦ ਕਰਨਾ ਅਤੇ ਮੁਲਾਜ਼ਮਾਂ ਨੂੰ ਹੋਰ ਸਹੂਲਤਾਂ ਦੇਣਾ ਸ਼ਾਮਿਲ ਹੈ।