ਬਲਾਕ ਪ੍ਰਧਾਨ ਕਤਲ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ ਨਾ ਹੋਣ ’ਤੇ ਕਾਂਗਰਸ ਨੇ ਲਗਾਇਆ ਧਰਨਾ
ਬਲਾਕ ਪ੍ਰਧਾਨ ਕਤਲ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ ਨਾ ਹੋਣ ’ਤੇ ਕਾਂਗਰਸ ਨੇ ਲਗਾਇਆ ਧਰਨਾ
Publish Date: Tue, 31 Mar 2026 06:59 PM (IST)
Updated Date: Tue, 31 Mar 2026 07:01 PM (IST)

-ਕਾਤਲ ਨਾ ਫੜੇ ਤਾਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦਾ ਕਰਾਂਗੇ ਘਿਰਾਓ : ਗਿੱਲ, ਲੱਖਾ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਹੋਏ ਨੂੰ 2 ਦਿਨ ਬੀਤ ਜਾਣ ਦੇ ਬਾਵਜ਼ੂਦ ਕੂੰਮਕਲਾਂ ਪੁਲਿਸ ਮੁੱਖ ਮੁਲਜ਼ਮ ਵਿਜੈ ਕੁਮਾਰ ਨੂੰ ਫੜਨ ਵਿਚ ਅਸਫ਼ਲ ਰਹੀ, ਜਿਸ ਕਾਰਨ ਅੱਜ ਪਾਰਟੀ, ਪਰਿਵਾਰ ਅਤੇ ਹੋਰ ਸਿਆਸੀ ਪਾਰਟੀਆਂ ਵਲੋਂ ਮਾਛੀਵਾੜਾ-ਕੁਹਾੜਾ ਰੋਡ ’ਤੇ ਚੱਕਾ ਜਾਮ ਕਰ ਕੇ ਧਰਨਾ ਲਗਾਇਆ ਗਿਆ। ਮਾਲਵਾ ਚੌਕ ’ਚ ਦਿੱਤੇ ਧਰਨੇ ਦੌਰਾਨ ਕਾਂਗਰਸ ਪਾਰਟੀ ਦੇ ਆਗੂਆਂ ਤੋਂ ਇਲਾਵਾ ਕਿਸਾਨ ਯੂਨੀਅਨ, ਪਰਿਵਾਰ, ਆਮ ਲੋਕ ਅਤੇ ਹੋਰਨਾਂ ਸਿਆਸੀ ਆਗੂਆਂ ਨੇ ਵੀ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਲੋਕਾਂ ਵਲੋਂ ਉੱਥੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਮੰਗ ਕੀਤੀ ਕਿ ਜਦੋਂ ਤੱਕ ਕਤਲ ਦਾ ਮੁੱਖ ਮੁਲਜ਼ਮ ਤੇ ਇਸਦੇ ਪਿੱਛੇ ਜੋ ਸਾਜ਼ਿਸ਼ਕਰਤਾ ਹਨ, ਉਹ ਗ੍ਰਿਫ਼ਤਾਰ ਨਹੀਂ ਹੁੰਦੇ ਉਦੋਂ ਤੱਕ ਮ੍ਰਿਤਕ ਪਰਮਿੰਦਰ ਤਿਵਾੜੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਅੱਜ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਇੰਚਾਰਜ ਰਾਜਾ ਗਿੱਲ ਨੇ ਕਿਹਾ ਕਿ 2 ਦਿਨ ਬੀਤ ਗਏ ਪਰ ਅਜੇ ਤੱਕ ਪੁਲਿਸ ਤੋਂ ਮੁੱਖ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੂੰਮਕਲਾਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਇੱਥੋਂ ਸਾਬਿਤ ਹੁੰਦੀ ਹੈ ਕਿ ਕਤਲ ਦੇ ਕਈ ਘੰਟੇ ਬਾਅਦ ਵੀ ਪੁਲਿਸ ਨਹੀਂ ਪੁੱਜੀ ਅਤੇ ਕਾਤਲ ਨੂੰ ਭੱਜਣ ਦਾ ਮੌਕਾ ਮਿਲ ਗਿਆ। ਰਾਜਾ ਗਿੱਲ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੁਲਜ਼ਮ ਨਹੀਂ ਫੜਿਆ ਜਾਂਦਾ ਉਦੋਂ ਤੱਕ ਪਰਿਵਾਰ ਦੀ ਸਹਿਮਤੀ ਹੈ ਕਿ ਪਰਮਿੰਦਰ ਤਿਵਾੜੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਚਿਤਾਵਨੀ ਦਿੱਤੀ ਕਿ ਕਾਂਗਰਸ ਹਾਈਕਮਾਂਡ ਦੇ ਇਹ ਵੀ ਨਿਰਦੇਸ਼ ਹਨ ਕਿ ਪੁਲਸ ਕਾਤਲਾਂ ਤੇ ਸਾਜਿਸ਼ਕਰਤਾਵਾਂ ਨੂੰ ਫੜਨ ਵਿਚ ਨਾਕਾਮਯਾਬ ਰਹਿੰਦੀ ਹੈ ਤਾਂ ਫਿਰ ਸੰਘਰਸ਼ ਨੂੰ ਤੇਜ਼ ਕਰਦਿਆਂ ਪੁਲਸ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਸ਼ਹਿਰ ਦੀਆਂ ਸੜਕਾਂ ’ਤੇ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਲੱਖਾ ਅਤੇ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਕਤਲ ਦੀਆਂ ਘਟਨਾਵਾਂ ਰੋਕਣ ਵਿਚ ਪੂਰੀ ਤਰ੍ਹਾਂ ਅਸਫ਼ਲ ਹੋ ਚੁੱਕਾ ਹੈ। ਇਸ ਮੌਕੇ ਹਲਕਾ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ, ਜ਼ਿਲਾ ਉਪ ਪ੍ਰਧਾਨ ਜੇ.ਪੀ. ਮੱਕੜ, ਸਾਬਕਾ ਚੇਅਰਮੈਨ ਦਰਸ਼ਨ ਕੁੰਦਰਾ, ਅਜਮੇਰ ਸਿੰਘ ਪੂਰਬਾ, ਸ਼ਹਿਰੀ ਪ੍ਰਧਾਨ ਕਾਂਗਰਸ ਕਪਿਲ ਆਨੰਦ, ਜਸਪ੍ਰੀਤ ਸਿੰਘ ਸਹਿਜੋ ਮਾਜਰਾ, ਅੰਮ੍ਰਿਤਪਾਲ ਸਿੰਘ, ਸੁਖਦੀਪ ਸਿੰਘ ਸੋਨੀ, ਨੰਦ ਕਿਸ਼ੋਰ, ਸ਼ੰਮੀ ਪਹਿਲਵਾਨ, ਜਗਜੀਤ ਪ੍ਰਿਥੀਪੁਰ, ਅਸ਼ੋਕ ਸੂਦ, ਸੁਰਿੰਦਰ ਛਿੰਦੀ (ਦੋਵੇਂ ਕੌਂਸਲਰ), ਮਹਿਲਾ ਵਿੰਗ ਪ੍ਰਧਾਨ ਮਨਜੀਤ ਕੁਮਾਰੀ, ਸੁਭਾਸ਼ ਬੀਟਨ, ਚੇਤਨ ਕੁਮਾਰ, ਵਿਨੀਤ ਕੁਮਾਰ ਝੜੌਦੀ, ਯੁਵਰਾਜਜੀਤ ਰਾਏ, ਗੁਰਮੁਖ ਸਿੰਘ, ਹਰਚੰਦ ਸਿੰਘ, ਸਰਪੰਚ ਜਗਦੀਸ਼ ਸਿੰਘ ਵੀ ਮੌਜੂਦ ਸਨ।