ਰਾਹੁਲ ਗਾਂਧੀ ਵਿਰੁੱਧ ਮੁਕੱਦਮਾ ਕਰਨ ’ਤੇ ਕਾਂਗਰਸ ਵੱਲੋਂ ਪੁਤਲਾ ਫੂਕ ਮੁਜ਼ਾਹਰਾ ਅਹਿਮ ਖ਼ਬਰ-ਰਾਹੁਲ ਗਾਂਧੀ ਵਿਰੁੱਧ ਮੁਕੱਦਮਾ ਕਰਨ ਤੇ ਸ਼ੁੱਧੀਕਰਨ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਕਾਂਗਰਸ ਵੱਲੋਂ ਪੁਤਲਾ ਫ਼ੂਕ ਪ੍ਰਦਰਸ਼ਨ
Publish Date: Tue, 01 Sep 2026 08:23 PM (IST)
Updated Date: Wed, 02 Sep 2026 04:04 AM (IST)
ਪੁਨੀਤ ਬਾਵਾ,ਪੰਜਾਬੀ ਜਾਗਰਣ, ਲੁਧਿਆਣਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਅਗਵਾਈ ਹੇਠ ਅੱਜ ਕਾਂਗਰਸੀਆਂ ਵੱਲੋਂ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਮਲਿਕਾਰਜੁਨ ਖੜਗੇ ਦੇ ਹਲਦਵਾਨੀ, ਉੱਤਰਾਖੰਡ ਵਿਖੇ ਹੋਏ ਸਮਾਗਮ ਤੋਂ ਬਾਅਦ ਸਮਾਗਮ ਵਾਲੀ ਥਾਂ ਦੇ ਕਥਿਤ ‘ਸ਼ੁੱਧੀਕਰਨ’ ਦੀ ਘਟਨਾ ਦੇ ਵਿਰੋਧ ਵਿੱਚ ਭਾਜਪਾ ਦੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਇਸ ਮਾਮਲੇ ਦਾ ਵਿਰੋਧ ਕਰਨ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਵਿਰੁੱਧ ਮੁਕੱਦਮਾ ਦਰਜ ਕਰਨ ਦੇ ਵਿਰੋਧ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਵੱਲੋਂ ਟਿੱਬਾ ਰੋਡ ਸਥਿਤ ਦਫ਼ਤਰ ਦੇ ਬਾਹਰ ਪੁਤਲਾ ਫੂਕ ਮੁਜ਼ਾਹਰਾ ਕੀਤਾ। ਤਲਵਾੜ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸ੍ਰੀ ਮਲਿਕਾਰਜੁਨ ਖੜਗੇ ਦੇ ਹਲਦਵਾਨੀ ਵਿਖੇ ਹੋਏ ਸਮਾਗਮ ਤੋਂ ਬਾਅਦ ਜਿਸ ਤਰ੍ਹਾਂ ਸਮਾਗਮ ਵਾਲੀ ਥਾਂ ਦੇ ‘ਸ਼ੁੱਧੀਕਰਨ’ ਦੀ ਘਟਨਾ ਸਾਹਮਣੇ ਆਈ, ਉਸ ’ਤੇ ਭਾਜਪਾ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਘਟਨਾ ਦੇ ਵਿਰੋਧ ਵਿੱਚ ਰਾਹੁਲ ਗਾਂਧੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਤਲਵਾੜ ਨੇ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਵੱਲੋਂ ਅਜਿਹੇ ਮਾਮਲਿਆਂ ਵਿੱਚ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਕਾਂਗਰਸ ਪਾਰਟੀ ਅਜਿਹੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰੇਗੀ, ਜਿਸ ਨਾਲ ਸਮਾਜ ਵਿੱਚ ਜਾਤ-ਪਾਤ ਦੇ ਆਧਾਰ ’ਤੇ ਭੇਦਭਾਵ ਦੀ ਭਾਵਨਾ ਨੂੰ ਹੱਲਾ-ਸ਼ੇਰੀ ਮਿਲੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਮਾਜ ’ਚ ਬਰਾਬਰੀ, ਭਾਈਚਾਰਕ ਸਾਂਝ ਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਲਈ ਆਪਣਾ ਸੰਘਰਸ਼ ਜਾਰੀ ਰੱਖੇਗੀ ਅਤੇ ਇਸ ਮਾਮਲੇ ਵਿੱਚ ਆਵਾਜ਼ ਬੁਲੰਦ ਕਰਦੀ ਰਹੇਗੀ। ਇਸ ਮੌਕੇ ਸੁਰਿੰਦਰ ਕੌਰ, ਨਿੱਕੀ ਰਿਐਤ, ਪਵਨ ਦੀਵਾਨ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰਜ਼ ਹਾਜ਼ਰ ਸਨ।