- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਕਾਂਗਰਸੀ ਕੌਂਸਲਰ ਵੱਲੋਂ ਨਿਗਮ ਕਮਿਸ਼ਨਰ ਦਫ਼ਤਰ ਬਾਹਰ ਧਰਨਾ

-ਵਾਰਡ-7 ’ਚ ਸੀਵਰੇਜ ਤੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਨਿਗਮ ’ਤੇ ਵਰ੍ਹੇ ਕੌਂਸਲਰ ਰਵਿੰਦਰ ਕੌਰ ਤੇ ਮੋਨੂੰ ਖਿੰਡਾ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ
ਸ਼ਹਿਰ ਵਿੱਚ ਸੀਵਰੇਜ ਅਤੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਨਗਰ ਨਿਗਮ ਦੀ ਕਾਰਗੁਜ਼ਾਰੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਮੰਗਲਵਾਰ ਨੂੰ ਵਾਰਡ-7 ਦੀ ਕਾਂਗਰਸ ਕੌਂਸਲਰ ਰਵਿੰਦਰ ਕੌਰ ਆਪਣੇ ਪਤੀ ਮੋਨੂੰ ਖਿੰਡਾ ਨਾਲ ਜ਼ੋਨ-ਡੀ ਸਥਿਤ ਨਗਰ ਨਿਗਮ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਈ। ਉਨ੍ਹਾਂ ਵੱਲੋਂ ਵਾਰਡ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਅਤੇ ਮਾੜੀ ਸਫ਼ਾਈ ਵਿਵਸਥਾ ਨੂੰ ਲੈ ਕੇ ਨਿਗਮ ਅਧਿਕਾਰੀਆਂ ਖ਼ਿਲਾਫ਼ ਰੋਸ ਜਤਾਇਆ।
ਮੋਨੂੰ ਖਿੰਡਾ ਨੇ ਦੋਸ਼ ਲਾਇਆ ਕਿ ਵਾਰਡ ਵਾਸੀ ਕਈ ਦਿਨਾਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਦੇ ਕਾਰਨ ਕਾਫੀ ਪ੍ਰੇਸ਼ਾਨ ਹਨ। ਇਸ ਸਬੰਧੀ ਨਿਗਮ ਅਧਿਕਾਰੀਆਂ ਨੂੰ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਕੀਤਾ ਗਿਆ। ਬਰਸਾਤ ਦੌਰਾਨ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ ਤੇ ਗੰਦਾ ਪਾਣੀ ਸੜਕਾਂ ’ਤੇ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਕੌਂਸਲਰ ਨੂੰ ਆਪਣਾ ਨੁਮਾਇੰਦਾ ਚੁਣਿਆ ਹੈ ਅਤੇ ਸਮੱਸਿਆ ਆਉਣ ’ਤੇ ਉਹ ਕੌਂਸਲਰ ਕੋਲ ਹੀ ਪਹੁੰਚ ਕਰਦੇ ਹਨ। ਜਦੋਂ ਨਿਗਮ ਪੱਧਰ ’ਤੇ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਕਾਰਵਾਈ ਨਾ ਹੋਵੇ ਤਾਂ ਲੋਕਾਂ ਦੀ ਆਵਾਜ਼ ਚੁੱਕਣ ਲਈ ਧਰਨਾ ਦੇਣਾ ਪੈਂਦਾ ਹੈ।
ਧਰਨੇ ਦੀ ਸੂਚਨਾ ਮਿਲਣ ’ਤੇ ਜ਼ੋਨਲ ਕਮਿਸ਼ਨਰ ਮੌਕੇ ’ਤੇ ਪਹੁੰਚੇ ਅਤੇ ਕੌਂਸਲਰ ਤੇ ਉਨ੍ਹਾਂ ਦੇ ਪਤੀ ਨਾਲ ਗੱਲਬਾਤ ਕਰਕੇ ਧਰਨਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੋਨੂੰ ਖਿੰਡਾ ਸਮੱਸਿਆ ਦੇ ਹੱਲ ਦੀ ਮੰਗ ’ਤੇ ਅੜੇ ਰਹੇ। ਇਸ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ,ਐਮਪੀ ਰਾਜਾ ਵੜਿੰਗ ਦੇ ਪੀਏ ਜਗਸੀਰ ਸਿੰਘ ਸਿੱਧੂ ਵੀ ਮੌਕੇ ’ਤੇ ਪਹੁੰਚੇ ਅਤੇ ਕੌਂਸਲਰ ਤੇ ਉਨ੍ਹਾਂ ਨੂੰ ਸਮਰਥਨ ਦਿੱਤਾ। ਬਾਅਦ ਵਿੱਚ ਰਵਿੰਦਰ ਕੌਰ ਤੇ ਮੋਨੂੰ ਖਿੰਡਾ ਨੂੰ ਕਮਿਸ਼ਨਰ ਦਫ਼ਤਰ ਅੰਦਰ ਬੁਲਾ ਕੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਵਰੇਜ ਤੋਂ ਇਲਾਵਾ ਵਾਰਡ ਦੀ ਸਫ਼ਾਈ ਵਿਵਸਥਾ ਅਤੇ ਹੋਰ ਸਮੱਸਿਆਵਾਂ ਵੀ ਚੁੱਕੀਆਂ। ਉਨ੍ਹਾਂ ਦੋਸ਼ ਲਾਇਆ ਕਿ ਵਾਰਡ ਦੀ ਸਫ਼ਾਈ ਵਿਵਸਥਾ ਪਹਿਲਾਂ ਹੀ ਖ਼ਰਾਬ ਹੈ, ਇਸ ਦੇ ਬਾਵਜੂਦ ਵਾਰਡ ਦੇ ਲੰਬੜਦਾਰ ਦਾ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਤਬਾਦਲਾ ਕਰ ਦਿੱਤਾ ਗਿਆ। ਅਧਿਕਾਰੀਆਂ ਵੱਲੋਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।
-ਬਾਕਸ-
-ਵਾਰਡ 79 ’ਚ ਪੁਰਾਣੇ ਨਾਲ਼ੇ ਦੀ ਸਫ਼ਾਈ ਨਾ ਹੋਣ ’ਤੇ ਭਾਜਪਾ ਕੌਂਸਲਰ ਨੇ ਘੇਰਿਆ ਨਿਗਮ
ਨਿਗਮ ਦੇ ਵਾਰਡ ਨੰਬਰ 79 ਦੀ ਭਾਜਪਾ ਕੌਂਸਲਰ ਭਵਨੀਤ ਕੌਰ ਨੇ ਵੀ ਆਪਣੇ ਇਲਾਕੇ ਵਿੱਚ ਪੁਰਾਣੇ ਨਾਲੇ ਦੀ ਸਫ਼ਾਈ ਨਾ ਹੋਣ ਨੂੰ ਲੈ ਕੇ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਦਾਅਵੇ ਕਰਨ ਦੇ ਬਾਵਜੂਦ ਇਲਾਕੇ ਵਿੱਚੋਂ ਲੰਘਦੇ ਪੁਰਾਣੇ ਨਾਲੇ ਦੀ ਢੰਗ ਨਾਲ ਸਫ਼ਾਈ ਨਹੀਂ ਕਰਵਾਈ ਜਾ ਰਹੀ। ਕੌਂਸਲਰ ਭਵਨੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਅਪ੍ਰੈਲ ਮਹੀਨੇ ਵਿੱਚ ਤਤਕਾਲੀ ਨਿਗਮ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਨਾਲੇ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਸੀ, ਪਰ ਅਜੇ ਤੱਕ ਸਮੱਸਿਆ ਦਾ ਸਥਾਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਾਲਾ ਬੰਦ ਹੋਣ ਕਾਰਨ ਬਰਸਾਤ ’ਚ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਹੈ ਤੇ ਪਾਣੀ ਸੜਕਾਂ ਤੋਂ ਇਲਾਵਾ ਕਈ ਵਾਰ ਲੋਕਾਂ ਦੇ ਘਰਾਂ ਵਿੱਚ ਵੀ ਦਾਖਲ ਹੋ ਜਾਂਦਾ ਹੈ। ਭਾਜਪਾ ਕੌਂਸਲਰ ਨੇ ਨਿਗਮ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਕਿਸੇ ਵੱਡੀ ਘਟਨਾ ਦੀ ਉਡੀਕ ਕਰਨ ਦੀ ਬਜਾਏ ਨਾਲੇ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ, ਤਾਂ ਜੋ ਬਰਸਾਤ ਦੌਰਾਨ ਇਲਾਕਾ ਵਾਸੀਆਂ ਨੂੰ ਪਾਣੀ ਭਰਨ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ।