ਕਾਰ ਸੰਭਾਲ ਕੇ ਚਲਾਉਣ ਲਈ ਕਿਹਾ ਤਾਂ ਕਾਰ ਚਾਲਕ ਭੜਕਿਆ, ਨਬਾਲਿਗਾ ਨੂੰ ਮਾਰੇ 13 ਥੱਪੜ ਗੋਲਡਨ ਕਲੋਨੀ ’ਚ 10ਵੀਂ ਦੀ ਵਿਦਿਆਰਥਣ ’ਤੇ ਥੱਪੜਾਂ ਦੀ ਬੌਛਾੜ, ਵਾਲ ਪੁੱਟਣ ਦੇ ਵੀ ਦੋਸ਼
Publish Date: Wed, 23 Sep 2026 08:53 PM (IST)
Updated Date: Thu, 24 Sep 2026 04:03 AM (IST)
- ਕਾਰ ਚੜ੍ਹਾਉਣ ਦੀ ਕੋਸ਼ਿਸ਼ ਕਰਨ ਤੇ ਵਾਲ ਪੁੱਟਣ ਦੇ ਵੀ ਲਾਏ ਦੋਸ਼ - ਘਟਨਾ ਦੀ ਵੀਡੀਓ ਵਾਇਰਲ, ਪੁਲਿਸ ਦੇ ‘ਉਸੇ ਦਿਨ ਸਮਝੌਤੇ’ ਬਾਰੇ ਕਿਹਾ ਫ਼ੋਟੋ ਨੰਬਰ-33,34 ਸੁਰੇਸ਼ ਕੁਮਾਰ, ਪੰਜਾਬੀ ਜਾਗਰਣ ਲੁਧਿਆਣਾ : ਰਾਹੋਂ ਰੋਡ ’ਤੇ ਪੈਂਦੀ ਗੋਲਡਨ ਕਾਲੋਨੀ ’ਚ ਕਾਰ ਸੰਭਾਲ ਕੇ ਚਲਾਉਣ ਦੀ ਗੱਲ ਕਹਿਣਾ 16 ਸਾਲਾ ਨਾਬਾਲਿਗ ਲੜਕੀ ਨੂੰ ਭਾਰੀ ਪੈ ਗਿਆ। ਕਾਰ ਚਾਲਕ ਨੇ ਕਥਿਤ ਤੌਰ ’ਤੇ ਪਹਿਲਾਂ ਲੜਕੀ ’ਤੇ ਕਾਰ ਚਡ਼੍ਹਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਮਗਰੋਂ ਉਸ ਦਾ ਪਿੱਛਾ ਕਰਦੇ ਹੋਏ ਗਲੀ ’ਚ ਪੁੱਜਿਆ ਤੇ ਉਥੇ ਬਹਿਸ ਮਗਰੋਂ ਕਾਰ ਚਾਲਕ ਨੇ ਸ਼ਰੇਆਮ ਨਾਬਾਲਿਗ ਲੜਕੀ ਨਾਲ ਕੁੱਟਮਾਰ ਕੀਤੀ। ਸੀਸੀਟੀਵੀ ਫੁਟੇਜ਼ ’ਚ ਚਾਲਕ ਲਗਪਗ 37 ਸੈਕਿੰਡ ’ਚ ਲੜਕੀ ਨੂੰ 13 ਥੱਪੜ ਮਾਰਦਾ ਤੇ ਦੋ ਵਾਰ ਉਸ ਦੇ ਵਾਲ ਖਿੱਚਦਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਇਸ ਮਾਮਲੇ ’ਚ ਦੋਵਾਂ ਧਿਰਾਂ ’ਚ ਸਮਝੌਤਾ ਹੋ ਗਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਟਿਊਸ਼ਨ ਤੋਂ ਸਹੇਲੀ ਨਾਲ ਘਰ ਪਰਤ ਰਹੀ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਇਕ ਕਾਰ ਸਵਾਰ ਵਿਅਕਤੀ ਨੇ ਕਥਿਤ ਤੌਰ ’ਤੇ ਪਹਿਲਾਂ ਕਾਰ ਹੇਠਾਂ ਦੇਣ ਦੀ ਕੋਸ਼ਿਸ਼ ਕੀਤੀ ਤੇ ਵਿਰੋਧ ਕਰਨ ’ਤੇ ਉਸ ’ਤੇ ਥੱਪੜਾਂ ਦੀ ਬੌਛਾੜ ਕਰ ਦਿੱਤੀ। ਪੀੜਤ ਦੀ ਮਾਂ ਇੰਦੂ ਦੇਵੀ ਮੁਤਾਬਕ ਉਸਦੀ ਧੀ ਨੇ ਸਿਰਫ਼ ਇੰਨਾ ਕਿਹਾ ਸੀ ਕਿ ‘ਗੱਡੀ ਧਿਆਨ ਨਾਲ ਚਲਾਓ’, ਪਰ ਇਸ ਗੱਲ ’ਤੇ ਕਾਰ ਸਵਾਰ ਵਿਅਕਤੀ ਕਥਿਤ ਤੌਰ ’ਤੇ ਭੜਕ ਗਿਆ। ਪਰਿਵਾਰ ਦਾ ਦਾਅਵਾ ਹੈ ਕਿ ਉਸ ਨੇ ਕੁਝ ਹੀ ਸਕਿੰਟਾਂ ’ਚ ਕੁੜੀ ਨੂੰ ਕਰੀਬ 12 ਤੋਂ 13 ਥੱਪੜ ਮਾਰੇ। ਕੁੜੀ ਦੇ ਡਿੱਗ ਜਾਣ ਕਾਰਨ ਉਹ ਹੋਰ ਮਾਰ ਤੋਂ ਬਚ ਸਕੀ। ਪੀੜਤਾ ਨੇ ਦੱਸਿਆ ਕਿ ਉਸ ਨੇ ਕਿਹਾ ਅੰਕਲ ਧਿਆਨ ਨਾਲ। ਇੰਨਾਂ ਕਹਿੰਦੇ ਹੀ ਉਨ੍ਹਾਂ ਵੱਲੋਂ ਉਸ ’ਤੇ ਥੱਪੜਾਂ ਦੀ ਬੌਛਾੜ ਕਰ ਦਿੱਤੀ। ਕੁੜੀ ਨੇ ਕਿਹਾ ਕਿ ਉਕਤ ਵਿਅਕਤੀ ਤੋਂ ਉਸਨੂੰ ਇੱਕ ਔਰਤ ਤੇ ਬਜ਼ੁਰਗ ਨੇ ਬਚਾਉਣ ਦੀ ਕੋਸ਼ਿਸ ਵੀ ਕੀਤੀ ਹੈ। ਘਟਨਾ ਨਾਲ ਸਬੰਧਤ ਵੀਡੀਓ ਵੀ ਸਾਹਮਣੇ ਆਈ ਹੈ। ਵਾਇਰਲ ਵੀਡੀਓ ਵਿੱਚ ਕਥਿਤ ਤੌਰ ’ਤੇ ਕੁੜੀ ਨੂੰ ਥੱਪੜ ਮਾਰੇ ਜਾਣ ਅਤੇ ਬਾਅਦ ਵਿੱਚ ਗਾਲੀ-ਗਲੋਚ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਪੀੜਤ ਪਰਿਵਾਰ ਵੱਲੋਂ ਕੁੜੀ ਦਾ ਮੈਡੀਕਲ ਕਰਵਾਉਣ ਤੇ ਥਾਣਾ ਟਿੱਬਾ ’ਚ ਸ਼ਿਕਾਇਤ ਦੇਣ ਦੀ ਗੱਲ ਕਹੀ ਗਈ ਹੈ। ਦੂਜੇ ਪਾਸੇ ਮਾਮਲੇ ਸਬੰਧੀ ਥਾਣਾ ਟਿੱਬਾ ਦੇ ਮੁਨਸ਼ੀ ਨਾਲ ਗੱਲ ਕਰਨ ’ਤੇ ਉਨ੍ਹਾਂ ਵੱਲੋਂ ਕਥਿਤ ਤੌਰ ’ਤੇ ਕਿਹਾ ਗਿਆ ਕਿ ‘ਉਸੇ ਦਿਨ ਰਾਜੀਨਾਮਾ ਹੋ ਗਿਆ ਸੀ।’ ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਕੁੜੀ ਸਦਮੇ ਵਿੱਚ ਹੈ। ਪੀੜਤ ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਟਿੱਬਾ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਵੀਡੀਓ ਸੰਬੰਧੀ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਏਗੀ।