- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਬਹਾਦਰ ਕੇ ਰੋਡ ਸਬਜ਼ੀ ਮੰਡੀ ’ਚ ਸਫਾਈ ਵਿਵਸਥਾ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਥਾਂ-ਥਾਂ ਕੂੜੇ ਦੇ ਢੇਰ

-ਕਾਗਜ਼ਾਂ ’ਚ ਸਫਾਈ ਮੁਕੰਮਲ, ਜ਼ਮੀਨੀ ਹਕੀਕਤ ’ਚ ਨਹੀਂ, ਕੂੜੇ ਨਾਲ ਬਿਮਾਰੀਆਂ ਫੈਲਣ ਦਾ ਵਧਿਆ ਖ਼ਤਰਾ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਇੱਥੋਂ ਦੀ ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ ਵਿੱਚ ਕੂੜੇ ਨੂੰ ਖਤਮ ਕਰਨ ਤੇ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਦੇ ਨਿਰੰਤਰ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਮੰਡੀ ਦੇ ਜ਼ਮੀਨੀ ਹਾਲਾਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰ ਰਹੇ ਹਨ। ਮੰਡੀ ਵਿੱਚ ਥਾਂ-ਥਾਂ ਪਿਆ ਕੂੜਾ ਸਫਾਈ ਵਿਵਸਥਾ ਦੀ ਪੋਲ ਖੋਲ੍ਹਦਾ ਨਜ਼ਰ ਆ ਰਿਹਾ ਹੈ।
ਉਕਤ ਕੁੜੇ ਦੇ ਢੇਰ ਵਿੱਚੋਂ ਕੋਈ ਨਾ ਕੋਈ ਸੁੱਟੀ ਹੋਈ ਸਬਜ਼ੀਆਂ 'ਚ ਸਬਜ਼ੀ ਵੀ ਚੁੱਕਦਾ ਦੇਖਿਆ ਜਾਂਦਾ ਹੈ। ਮੰਡੀ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਹੈ ਕਿ ਸਫਾਈ ਵਿਵਸਥਾ ਨੂੰ ਲੈ ਕੇ ਉਨ੍ਹਾਂ ਵੱਲੋਂ ਕੋਈ ਕਮੀ ਨਹੀਂ ਛੱਡੀ ਜਾ ਰਹੀ। ਪਰ ਸਵਾਲ ਇਹ ਹੈ ਕਿ ਜੇਕਰ ਸਫਾਈ ਦੇ ਪ੍ਰਬੰਧਾਂ ਵਿੱਚ ਕੋਈ ਕਮੀ ਨਹੀਂ ਹੈ ਤਾਂ ਮੰਡੀ ਵਿੱਚ ਥਾਂ-ਥਾਂ ਕੂੜੇ ਦੇ ਢੇਰ ਕਿਉਂ ਦਿਖਾਈ ਦੇ ਰਹੇ ਹਨ? ਕੀ ਸਫਾਈ ਸਬੰਧੀ ਕੀਤੇ ਜਾ ਰਹੇ ਦਾਅਵੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹਨ।
ਮੰਡੀ ਵਿੱਚ ਕੂੜੇ ਦੇ ਢੇਰਾਂ ਕਾਰਨ ਨਾ ਸਿਰਫ਼ ਆਉਣ-ਜਾਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਗੰਦਗੀ ਕਾਰਨ ਬਦਬੂ ਅਤੇ ਮੱਛਰਾਂ ਦੀ ਸਮੱਸਿਆ ਵੀ ਵਧਣ ਦਾ ਖ਼ਦਸ਼ਾ ਹੈ। ਇਸ ਦੇ ਨਾਲ ਹੀ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। ਸਵਾਲ ਇਹ ਵੀ ਉੱਠ ਰਿਹਾ ਹੈ ਕਿ ਜੇਕਰ ਮੰਡੀ ਪ੍ਰਬੰਧਕਾਂ ਵੱਲੋਂ ਸਫਾਈ ਨੂੰ ਲੈ ਕੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸ ਦਾ ਅਸਰ ਮੰਡੀ ਦੇ ਅੰਦਰ ਕਿਉਂ ਨਜ਼ਰ ਨਹੀਂ ਆ ਰਿਹਾ? ਕੀ ਸਫਾਈ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਮੌਕੇ ’ਤੇ ਨਿਯਮਤ ਜਾਂਚ ਕੀਤੀ ਜਾਂਦੀ ਹੈ ਜਾਂ ਫਿਰ ਸਿਰਫ਼ ਕਾਗਜ਼ੀ ਕਾਰਵਾਈ ਨਾਲ ਹੀ ਮਾਮਲਾ ਨਿਪਟਾਇਆ ਜਾ ਰਿਹਾ ਹੈ?
ਲੋਕਾਂ ਦੀ ਮੰਗ ਹੈ ਕਿ ਸਬਜ਼ੀ ਮੰਡੀ ’ਚ ਸਫਾਈ ਵਿਵਸਥਾ ਨੂੰ ਲੈ ਕੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ਦਾ ਨਿਰੀਖਣ ਕੀਤਾ ਜਾਵੇ ਅਤੇ ਕੂੜੇ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ, ਤਾਂ ਜੋ ਮੰਡੀ ’ਚ ਆਉਣ ਵਾਲੇ ਲੋਕਾਂ ਤੇ ਵਪਾਰੀਆਂ ਨੂੰ ਗੰਦਗੀ ਤੋਂ ਰਾਹਤ ਮਿਲ ਸਕੇ।