ਏਬੀਵੀਪੀ ਦੇ 78ਵੇਂ ਸਥਾਪਨਾ ਦਿਵਸ ਮੌਕੇ ਮਹਾਨਗਰ ਇਕਾਈ ਦਾ ਐਲਾਨ ਏਬੀਵੀਪੀ ਦੇ 78ਵੇਂ ਸਥਾਪਨਾ ਦਿਵਸ ਮੌਕੇ ਮਹਾਨਗਰ ਇਕਾਈ ਦਾ ਐਲਾਨ
Publish Date: Sat, 11 Jul 2026 07:39 PM (IST)
Updated Date: Sun, 12 Jul 2026 04:13 AM (IST)
ਅਮਿਤ ਗੋਇਲ ਮਹਾਨਗਰ ਪ੍ਰਧਾਨ ਤੇ ਸਾਕੇਤ ਸ਼ਰਮਾ ਮਹਾਨਗਰ ਮੰਤਰੀ ਚੁਣੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ 78ਵੇਂ ਸਥਾਪਨਾ ਦਿਵਸ ਅਤੇ ਰਾਸ਼ਟਰੀ ਵਿਦਿਆਰਥੀ ਦਿਵਸ ਦੇ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸੈਸ਼ਨ 2026-27 ਲਈ ਏਬੀਵੀਪੀ ਲੁਧਿਆਣਾ ਮਹਾਨਗਰ ਇਕਾਈ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਅਮਿਤ ਗੋਇਲ ਨੂੰ ਮਹਾਨਗਰ ਪ੍ਰਧਾਨ ਅਤੇ ਸਾਕੇਤ ਸ਼ਰਮਾ ਨੂੰ ਮਹਾਨਗਰ ਮੰਤਰੀ (ਸਕੱਤਰ) ਵਜੋਂ ਮੁੜ ਜ਼ਿੰਮੇਵਾਰੀ ਸੌਂਪੀ ਗਈ। ਸਮਾਗਮ ਵਿੱਚ ਆਈਸੀਏਆਰ-ਸੀਆਈਪੀਐਚਈਟੀ ਦੇ ਪ੍ਰੋਜੈਕਟ ਕੋਆਰਡੀਨੇਟਰ ਡਾ. ਰਾਕੇਸ਼ ਸ਼ਾਰਦਾ ਮੁੱਖ ਮਹਿਮਾਨ ਅਤੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਗੌਰਵਵੀਰ ਸਿੰਘ ਸੋਹਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਰਾਕੇਸ਼ ਸ਼ਾਰਦਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਅਤੇ ਰਾਸ਼ਟਰ ਸੇਵਾ ਦੇ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਏਬੀਵੀਪੀ ਨੌਜਵਾਨਾਂ ਨੂੰ ਨੇਤ੍ਰਿਤਵ, ਅਨੁਸ਼ਾਸਨ, ਸੇਵਾ ਅਤੇ ਰਾਸ਼ਟਰਭਾਵਨਾ ਨਾਲ ਜੋੜਨ ਵਾਲਾ ਪ੍ਰਭਾਵਸ਼ਾਲੀ ਮੰਚ ਹੈ। ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਗੌਰਵਵੀਰ ਸਿੰਘ ਸੋਹਲ ਨੇ ਕਿਹਾ ਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੁਨੀਆ ਦੀ ਸਭ ਤੋਂ ਵੱਡੀ ਵਿਦਿਆਰਥੀ ਜਥੇਬੰਦੀ ਹੈ, ਜਿਸ ਨਾਲ 77 ਲੱਖ ਤੋਂ ਵੱਧ ਵਿਦਿਆਰਥੀ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ 1949 ਤੋਂ ਪਰਿਸ਼ਦ ਵਿਦਿਆਰਥੀ ਨਿਰਮਾਣ ਰਾਹੀਂ ਰਾਸ਼ਟਰ ਨਿਰਮਾਣ ਦੇ ਆਪਣੇ ਉਦੇਸ਼ ਨੂੰ ਸਾਕਾਰ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ ਅਤੇ ਵਿਦਿਆਰਥੀਆਂ ਵਿੱਚ ਰਾਸ਼ਟਰੀ ਚੇਤਨਾ, ਸਮਾਜਿਕ ਸਮਰਸਤਾ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰ ਰਹੀ ਹੈ। ਸਮਾਗਮ ਦੇ ਅੰਤ ਵਿੱਚ ਚੋਣ ਅਧਿਕਾਰੀ ਡਾ. ਵਿਕਾਸ ਫੁਲੀਆ ਨੇ ਸੈਸ਼ਨ 2026-27 ਲਈ ਲੁਧਿਆਣਾ ਮਹਾਨਗਰ ਕਾਰਜਕਾਰਨੀ ਦੀ ਘੋਸ਼ਣਾ ਕੀਤੀ। ਨਵ-ਨਿਯੁਕਤ ਮਹਾਨਗਰ ਪ੍ਰਧਾਨ ਅਮਿਤ ਗੋਇਲ ਅਤੇ ਮਹਾਨਗਰ ਮੰਤਰੀ ਸਾਕੇਤ ਸ਼ਰਮਾ ਨੇ ਸੰਗਠਨ ਵੱਲੋਂ ਦੁਬਾਰਾ ਪ੍ਰਗਟਾਏ ਵਿਸ਼ਵਾਸ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਵਿਦਿਆਰਥੀ ਹਿੱਤ, ਸਮਾਜ ਹਿੱਤ ਅਤੇ ਰਾਸ਼ਟਰ ਹਿੱਤ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਦੇ ਰਹਿਣਗੇ। ਇਸ ਮੌਕੇ ਅਮਿਤ ਗੋਇਲ ਨੇ ਮਹਾਨਗਰ ਕਾਰਜਕਾਰਨੀ ਦਾ ਵੀ ਐਲਾਨ ਕੀਤਾ। ਇਸ ਅਨੁਸਾਰ ਨੀਲੂ ਠਾਕੁਰ, ਡਾ. ਅਨਿਲ ਤਨੇਜਾ ਅਤੇ ਡਾ. ਵਿਜੈ ਕਾਂਤ ਨੂੰ ਮਹਾਨਗਰ ਉਪ ਪ੍ਰਧਾਨ ਬਣਾਇਆ ਗਿਆ, ਜਦਕਿ ਕੁਸ਼ਾਂਕ ਗੁਪਤਾ, ਸਿਮਰਦੀਪ ਸਿੰਘ, ਗੰਧਰਵ ਖੰਨਾ, ਖੁਸ਼ਬੂ ਅਤੇ ਪ੍ਰਿਯੰਕਾ ਸਿੰਘ ਨੂੰ ਮਹਾਨਗਰ ਸਹਿ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ।ਸਮਾਗਮ ਦੌਰਾਨ ਪਰਿਸ਼ਦ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸੰਗਠਨ ਦੀ ਵਿਚਾਰਧਾਰਾ ਅਤੇ ਰਾਸ਼ਟਰ ਨਿਰਮਾਣ ਲਈ ਸਮਰਪਿਤ ਹੋ ਕੇ ਕੰਮ ਕਰਨ ਦਾ ਸੰਕਲਪ ਵੀ ਦੁਹਰਾਇਆ।