- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੂਲਜ਼ ਐਂਡ ਇਕੁਇਪਮੈਂਟ ਐਕਸਪੋ ’ਚ ਸੀਆਈਸੀਯੂ ਦੇ ਮੀਤ ਪ੍ਰਧਾਨ ਲੋਟੇ ਦੀ ਸ਼ਮੂਲੀਅਤ

13)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਨਵੀਆਂ ਤਕਨਾਲੋਜੀਆਂ, ਵਿਸ਼ਵ ਪੱਧਰੀ ਸਪਲਾਇਰਾਂ ਤੇ ਨਵੇਂ ਕਾਰੋਬਾਰੀ ਮੌਕਿਆਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਤਹਿਤ ਸੀਆਈਸੀਯੂ ਦੇ ਮੀਤ ਪ੍ਰਧਾਨ ਦੀਦਾਰਜੀਤ ਸਿੰਘ ਲੋਟੇ ਨੇ ਭਾਰਤ ਮੰਡਪਮ ਪ੍ਰਗਤੀ ਮੈਦਾਨ ਵਿਖੇ ਸ਼ੁਰੂ ਹੋਏ ਟੂਲਜ਼ ਐਂਡ ਇਕੁਇਪਮੈਂਟ ਐਕਸਪੋ-2026 ਦੇ ਉਦਘਾਟਨੀ ਸੈਸ਼ਨ ਵਿੱਚ ਸ਼ਮੂਲੀਅਤ ਕੀਤੀ। ਪ੍ਰਦਰਸ਼ਨੀ ਵਿੱਚ ਟੂਲਜ਼, ਮਸ਼ੀਨਰੀ, ਕਟਿੰਗ, ਵੈਲਡਿੰਗ ਤੇ ਫੈਬਰੀਕੇਸ਼ਨ ਖੇਤਰ ਨਾਲ ਸਬੰਧਤ ਨਿਰਮਾਤਾ, ਨਵੀਨਤਾਕਾਰੀ ਤਕਨਾਲੋਜੀ ਕੰਪਨੀਆਂ, ਡਿਸਟ੍ਰੀਬਿਊਟਰ ਅਤੇ ਉਦਯੋਗਿਕ ਖੇਤਰ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਐਕਸਪੋ ਵਿੱਚ 300 ਤੋਂ ਵੱਧ ਗਲੋਬਲ ਬ੍ਰਾਂਡ ਅਤੇ 150 ਤੋਂ ਵੱਧ ਨਵੇਂ ਉਤਪਾਦ ਪੇਸ਼ ਕੀਤੇ ਜਾ ਰਹੇ ਹਨ। ਲੋਟੇ ਨੇ ਵੱਖ-ਵੱਖ ਉਦਯੋਗਿਕ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਤਕਨਾਲੋਜੀ ਪ੍ਰਦਾਤਾਵਾਂ ਤੇ ਐੱਮਐੱਸਐੱਮਈਜ਼ ਵਿਚਾਲੇ ਸਾਂਝ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਖ਼ਾਸ ਤੌਰ ’ਤੇ ਮੈਨੂਫੈਕਚਰਿੰਗ, ਇੰਜੀਨੀਅਰਿੰਗ ਅਤੇ ਫੈਬਰੀਕੇਸ਼ਨ ਖੇਤਰਾਂ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਸਬੰਧੀ ਜਾਣਕਾਰੀ ਹਾਸਲ ਕੀਤੀ। ਲੋਟੇ ਨੇ ਕਿਹਾ ਕਿ ਉਦਯੋਗਿਕ ਵਿਕਾਸ ਲਈ ਲਗਾਤਾਰ ਤਕਨਾਲੋਜੀ ਅਪਣਾਉਣ, ਨਵੀਨਤਾ ਤੇ ਮਜ਼ਬੂਤ ਉਦਯੋਗਿਕ ਸਾਂਝ ਜ਼ਰੂਰੀ ਹੈ। ਅਜਿਹੇ ਐਕਸਪੋ ਨਿਰਮਾਤਾਵਾਂ ਅਤੇ ਐੱਮਐੱਸਐੱਮਈਜ਼ ਨੂੰ ਵਿਸ਼ਵ ਪੱਧਰੀ ਤਕਨਾਲੋਜੀਆਂ ਦੇਖਣ, ਨਵੀਆਂ ਭਾਈਵਾਲੀਆਂ ਦੀਆਂ ਸੰਭਾਵਨਾਵਾਂ ਤਲਾਸ਼ਣ ਅਤੇ ਆਪਣੀ ਮੁਕਾਬਲੇਬਾਜ਼ੀ ਵਧਾਉਣ ਦਾ ਮੌਕਾ ਦਿੰਦੇ ਹਨ। ਸੀਆਈਸੀਯੂ ਪੰਜਾਬ ਦੇ ਮੈਨੂਫੈਕਚਰਿੰਗ ਖੇਤਰ ਦੇ ਵਿਕਾਸ ਲਈ ਉਦਯੋਗਿਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਜਾਰੀ ਰੱਖੇਗੀ।
ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਉਦਯੋਗਿਕ ਮੰਚਾਂ ’ਤੇ ਸ਼ਮੂਲੀਅਤ ਐੱਮਐੱਸਐੱਮਈਜ਼ ਨੂੰ ਨਵੀਆਂ ਤਕਨਾਲੋਜੀਆਂ, ਬਾਜ਼ਾਰਾਂ ਅਤੇ ਕਾਰੋਬਾਰੀ ਮੌਕਿਆਂ ਨਾਲ ਜਾਣੂੰ ਕਰਵਾਉਣ ਦਾ ਅਹਿਮ ਸਾਧਨ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੈਨੂਫੈਕਚਰਿੰਗ ਨੂੰ ਆਲਮੀ ਬਾਜ਼ਾਰ ਵਿੱਚ ਵਧੇਰੇ ਮੁਕਾਬਲੇਯੋਗ ਬਣਾਉਣ ਲਈ ਉਦਯੋਗ ਅਤੇ ਤਕਨਾਲੋਜੀ ਵਿਚਕਾਰ ਮਜ਼ਬੂਤ ਤਾਲਮੇਲ ਜ਼ਰੂਰੀ ਹੈ।