- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ:ਸੀਆਈਸੀਯੂ ਟੈਕ ਸ਼ੋਅ-2026 ਸ਼ੁਰੂ, ਏਆਈ ਤੇ ਇੰਡਸਟਰੀ-4.0 ਨਾਲ ਐੱਮਐੱਸਐੱਮਈ ਨੂੰ ਬਦਲਣ 'ਤੇ ਜ਼ੋਰ

-ਤਕਨੀਕੀ ਕੰਪਨੀਆਂ ਵੱਲੋਂ ਏਆਈ, ਰੋਬੋਟਿਕਸ, ਆਟੋਮੇਸ਼ਨ ਤੇ ਸਮਾਰਟ ਮਸ਼ੀਨਰੀ ਦਾ ਪ੍ਰਦਰਸ਼ਨ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ 'ਇੰਡਸਟਰੀ-4.0 ਐਂਡ ਏਆਈ ਟਰਾਂਸਫਾਰਮੇਸ਼ਨ ਫਾਰ ਮੈਨੂਫੈਕਚਰਰਜ਼ ਐਂਡ ਐੱਮਐੱਸਐੱਮਈਜ਼' ਵਿਸ਼ੇ 'ਤੇ ਕਰਵਾਇਆ ਜਾ ਰਿਹਾ ਸੀਆਈਸੀਯੂ ਟੈਕ ਸ਼ੋਅ-2026 ਸ਼ੁੱਕਰਵਾਰ ਨੂੰ ਫੋਕਲ ਪੁਆਇੰਟ ਸਥਿਤ ਸੀਆਈਸੀਯੂ ਕੰਪਲੈਕਸ ਵਿਖੇ ਸ਼ੁਰੂ ਹੋ ਗਿਆ। ਉਦਘਾਟਨੀ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪੰਜਾਬ ਲਾਰਜ ਸਕੇਲ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੀ ਸੀਨੀਅਰ ਵਾਈਸ ਚੇਅਰਪਰਸਨ ਸਿਮੀ ਚੋਪੜਾ ਪਸ਼ਾਨ ਵੀ ਮੌਜੂਦ ਰਹੇ।
ਇਸ ਮੌਕੇ ਉਦਯੋਗਪਤੀਆਂ, ਤਕਨੀਕੀ ਹੱਲ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ, ਸਰਕਾਰੀ ਵਿਭਾਗਾਂ, ਵਿੱਤੀ ਸੰਸਥਾਵਾਂ ਅਤੇ ਉਦਯੋਗ ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਟੈਕ ਸ਼ੋਅ ਵਿੱਚ 50 ਤੋਂ ਵੱਧ ਤਕਨੀਕੀ ਤੇ ਹੱਲ ਪ੍ਰਦਾਤਾ ਕੰਪਨੀਆਂ ਵੱਲੋਂ ਏਆਈ, ਆਟੋਮੇਸ਼ਨ, ਰੋਬੋਟਿਕਸ, ਡਿਜੀਟਲ ਮੈਨੂਫੈਕਚਰਿੰਗ, ਸਮਾਰਟ ਮਸ਼ੀਨਰੀ, ਇੰਡਸਟਰੀ-4.0, ਊਰਜਾ ਕੁਸ਼ਲਤਾ ਸਮੇਤ ਨਵੀਆਂ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੇ ਐੱਮਐੱਸਐੱਮਈ ਖੇਤਰ ਵਿੱਚ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਦਾ ਮਹੱਤਵਪੂਰਨ ਸਰੋਤ ਬਣਨ ਦੀ ਸਮਰੱਥਾ ਹੈ। ਉਨ੍ਹਾਂ ਉਦਯੋਗਾਂ ਨੂੰ ਉਤਪਾਦਕਤਾ, ਗੁਣਵੱਤਾ ਅਤੇ ਕੌਮਾਂਤਰੀ ਮੁਕਾਬਲੇਬਾਜ਼ੀ ਵਧਾਉਣ ਲਈ ਆਧੁਨਿਕ ਤਕਨਾਲੋਜੀ, ਆਟੋਮੇਸ਼ਨ ਅਤੇ ਡਿਜੀਟਲ ਹੱਲ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੀਆਈਸੀਯੂ ਵੱਲੋਂ ਉਦਯੋਗਾਂ ਨੂੰ ਤਕਨੀਕੀ ਕੰਪਨੀਆਂ ਅਤੇ ਸਰਕਾਰੀ ਸੰਸਥਾਵਾਂ ਨਾਲ ਜੋੜਨ ਲਈ ਬਣਾਇਆ ਗਿਆ ਇਹ ਮੰਚ ਲਾਹੇਵੰਦ ਸਾਬਤ ਹੋ ਸਕਦਾ ਹੈ।
ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਤਕਨਾਲੋਜੀ ਹੁਣ ਉਦਯੋਗ ਲਈ ਸਿਰਫ਼ ਵਿਕਲਪ ਨਹੀਂ ਰਹੀ, ਸਗੋਂ ਸਮੇਂ ਦੀ ਲੋੜ ਬਣ ਚੁੱਕੀ ਹੈ। ਟੈਕ ਸ਼ੋਅ ਰਾਹੀਂ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਇਹ ਸਮਝਣ ਦਾ ਮੌਕਾ ਮਿਲੇਗਾ ਕਿ ਏਆਈ, ਆਟੋਮੇਸ਼ਨ ਤੇ ਇੰਡਸਟਰੀ-4.0 ਸਿਰਫ਼ ਵੱਡੀਆਂ ਕੰਪਨੀਆਂ ਤੱਕ ਸੀਮਿਤ ਨਹੀਂ ਹਨ। ਇਨ੍ਹਾਂ ਤਕਨੀਕਾਂ ਰਾਹੀਂ ਐੱਮਐੱਸਐੱਮਈ ਆਪਣੇ ਉਤਪਾਦਨ ਖਰਚੇ ਘਟਾਉਣ, ਗੁਣਵੱਤਾ ਸੁਧਾਰਨ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਮੁਕਾਬਲਾ ਕਰਨ ਦੀ ਸਮਰੱਥਾ ਵਧਾ ਸਕਦੇ ਹਨ। ਪੰਜਾਬ ਦੇ ਉਦਯੋਗਿਕ ਭਵਿੱਖ ਵਿੱਚ ਐੱਮਐੱਸਐੱਮਈ ਵੱਲੋਂ ਤਕਨਾਲੋਜੀ, ਨਵੀਨਤਾ ਅਤੇ ਹੁਨਰ ਵਿਕਾਸ ਨੂੰ ਕਿੰਨੀ ਤੇਜ਼ੀ ਨਾਲ ਅਪਣਾਇਆ ਜਾਂਦਾ ਹੈ, ਇਸ ਦੀ ਅਹਿਮ ਭੂਮਿਕਾ ਹੋਵੇਗੀ। ਸੀਆਈਸੀਯੂ ਵੱਲੋਂ ਉਦਯੋਗ, ਤਕਨੀਕੀ ਕੰਪਨੀਆਂ, ਵਿੱਤੀ ਸੰਸਥਾਵਾਂ ਤੇ ਸਰਕਾਰੀ ਏਜੰਸੀਆਂ ਵਿਚਕਾਰ ਪੁਲ ਦਾ ਕੰਮ ਜਾਰੀ ਰੱਖਿਆ ਜਾਵੇਗਾ।
ਪਹਿਲੇ ਦਿਨ ਸਰਕਾਰੀ ਏਜੰਸੀਆਂ, ਵਿੱਤੀ ਸੰਸਥਾਵਾਂ ਅਤੇ ਤਕਨੀਕੀ ਮਾਹਿਰਾਂ ਨਾਲ ਸਨਅਤਕਾਰਾਂ ਦੀ ਗੱਲਬਾਤ ਵੀ ਕਰਵਾਈ ਗਈ। ਇਸ ਦੌਰਾਨ ਤਕਨਾਲੋਜੀ ਅਪਣਾਉਣ, ਨਵੀਨਤਾ, ਬੌਧਿਕ ਸੰਪਦਾ ਅਧਿਕਾਰ (ਆਈਪੀਆਰ), ਵਿੱਤੀ ਸਹਾਇਤਾ ਅਤੇ ਸਰਕਾਰੀ ਸਹਾਇਤਾ ਪ੍ਰਣਾਲੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸਮਾਗਮ ’ਚ ਐੱਨਆਰਡੀਸੀ ਦੇ ਡਿਪਟੀ ਜਨਰਲ ਮੈਨੇਜਰ (ਬੀਡੀ) ਅਮਿਤਾਭ ਮਿਸ਼ਰਾ, ਡਿਪਟੀ ਮੈਨੇਜਰ (ਬੀਡੀ) ਅਸ਼ਵਨੀ ਕੁਮਾਰ, ਐੱਮਐੱਸਐੱਮਈ-ਡੀਐੱਫਓ ਲੁਧਿਆਣਾ ਦੇ ਜੁਆਇੰਟ ਡਾਇਰੈਕਟਰ ਪੰਕਜ ਕੁਮਾਰ ਝਾਅ, ਡਿਪਟੀ ਡਾਇਰੈਕਟਰ ਇਸ਼ਿਤਾ ਥਮਨ, ਆਈਬੀਬੀਐੱਫ ਮੁੰਬਈ ਦੇ ਐਸੋਸੀਏਟ ਪਾਰਟਨਰ ਸੀਏ ਸੰਤੋਸ਼ ਸ਼ਰਮਾ, ਆਧੁਨਿਕ ਫਿਨਸਰਵ ਐਡਵਾਈਜ਼ਰੀ ਐੱਲਐੱਲਪੀ ਦੇ ਸੀਏ ਕਮਲ ਕੌਸ਼ਿਕ, ਪੰਜਾਬ ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਲੁਧਿਆਣਾ ਦੇ ਹਰਜੀਤ ਸਿੰਘ ਖੁਰਲ ਤੇ ਸਿਡਬੀ ਦੇ ਡੀਜੀਐੱਮ ਰਾਜਨ ਗੁਪਤਾ ਸਮੇਤ ਹੋਰ ਮਾਹਿਰ ਹਾਜ਼ਰ ਸਨ। ਐੱਫਆਈਸੀਸੀਆਈ ਐੱਫਐੱਲਓ ਦੀ ਚੇਅਰਪਰਸਨ ਐਸ਼ਨੀ ਸੇਠੀ ਐਸੋਸੀਏਟ ਸਪਾਂਸਰ ਵਜੋਂ ਸ਼ਾਮਲ ਹੋਏ, ਜਦਕਿ ਸਿਡਬੀ ਵੱਲੋਂ ਬੈਂਕਿੰਗ ਪਾਰਟਨਰ ਵਜੋਂ ਸਹਿਯੋਗ ਦਿੱਤਾ। ਸੀਆਈਸੀਯੂ ਦੇ ਜਨਰਲ ਸਕੱਤਰ ਹਨੀ ਸੇਠੀ, ਸੀਨੀਅਰ ਮੀਤ ਪ੍ਰਧਾਨ ਜੇਐੱਸ ਭੋਗਲ, ਜੁਆਇੰਟ ਸਕੱਤਰ ਡਾ. ਐੱਸਬੀ ਸਿੰਘ, ਮੀਤ ਪ੍ਰਧਾਨ ਦਿਦਾਰਜੀਤ ਸਿੰਘ ਲੋਟੇ, ਗੌਤਮ ਮਲਹੋਤਰਾ, ਸੰਜੇ ਧੀਮਾਨ ਤੇ ਵਿੱਤ ਸਕੱਤਰ ਅਜੇ ਭਾਰਤੀ ਸਮੇਤ ਵੱਡੀ ਗਿਣਤੀ ’ਚ ਸਨਅਤਕਾਰ ਮੌਜੂਦ ਰਹੇ।
ਸੀਆਈਸੀਯੂ ਦੇ ਜਨਰਲ ਸਕੱਤਰ ਹਨੀ ਸੇਠੀ ਨੇ ਕਿਹਾ ਕਿ ਟੈਕ ਸ਼ੋਅ ਨੂੰ ਵਿਹਾਰਕ ਮੰਚ ਵਜੋਂ ਤਿਆਰ ਕੀਤਾ ਗਿਆ ਹੈ, ਜਿੱਥੇ ਨਿਰਮਾਤਾ ਤਕਨੀਕੀ ਹੱਲਾਂ ਨੂੰ ਮੌਕੇ 'ਤੇ ਦੇਖਣ, ਮਾਹਿਰਾਂ ਨਾਲ ਗੱਲਬਾਤ ਕਰਨ ਅਤੇ ਆਪਣੀਆਂ ਉਦਯੋਗਿਕ ਲੋੜਾਂ ਅਨੁਸਾਰ ਹੱਲਾਂ ਦੀ ਚੋਣ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਟੈਕ ਸ਼ੋਅ 26 ਸਤੰਬਰ ਨੂੰ ਵੀ ਜਾਰੀ ਰਹੇਗਾ, ਜਿਸ ਦੌਰਾਨ ਤਕਨੀਕੀ ਸੈਸ਼ਨ, ਕਾਰੋਬਾਰੀ ਗੱਲਬਾਤ ਤੇ ਤਕਨੀਕੀ ਪ੍ਰਦਰਸ਼ਨ ਕਰਵਾਏ ਜਾਣਗੇ।