ਅਧਰਮ ’ਤੇ ਧਰਮ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਬਲੌਸਮਜ਼ ਸਕੂਲ ਦੇ ਬੱਚਿਆਂ ਨੇ ਮਨਾਇਆ ਦੁਸਹਿਰੇ ਦਾ ਤਿਉਹਾਰ
Publish Date: Tue, 20 Oct 2026 07:03 PM (IST)
Updated Date: Tue, 20 Oct 2026 07:03 PM (IST)
ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ: ਬਲੌਸਮਜ਼ ਕਾਨਵੈਂਟ ਸਕੂਲ ਵਿਖੇ ਪਲੇਅ ਵੇਅ ਤੋਂ ਦੂਜੀ ਜਮਾਤ ਤੱਕ ਦੇ ਬੱਚਿਆਂ ਵੱਲੋਂ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦਾ ਮਾਹੌਲ ਤਿਉਹਾਰਾਂ ਦੇ ਰੰਗਾਂ ਨਾਲ ਰੰਗਿਆ ਹੋਇਆ ਨਜ਼ਰ ਆਇਆ। ਬੱਚਿਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ਅਤੇ ਇਸ ਨਾਲ ਜੁੜੀਆਂ ਧਾਰਮਿਕ ਤੇ ਸਭਿਆਚਾਰਕ ਪਰੰਪਰਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਬੱਚਿਆਂ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਅਤੇ ਰਾਵਣ ਉੱਤੇ ਉਨ੍ਹਾਂ ਦੀ ਜਿੱਤ ਦੀ ਕਹਾਣੀ ਸੁਣਾਉਣ ਦੇ ਨਾਲ ਹੀ ਬੱਚਿਆਂ ਨੂੰ ਸਮਝਾਇਆ ਗਿਆ ਕਿ ਦੁਸਹਿਰੇ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਅਤੇ ਅਧਰਮ ਉੱਤੇ ਧਰਮ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਨੂੰ ਸਚਾਈ, ਇਮਾਨਦਾਰੀ, ਪਿਆਰ ਅਤੇ ਨੇਕੀ ਦੇ ਰਾਹ ਉੱਤੇ ਚੱਲਣ ਦੀ ਪ੍ਰੇਰਨਾ ਵੀ ਦਿੱਤੀ ਗਈ। ਇਸ ਗਤੀਵਿਧੀ ਰਾਹੀਂ ਬੱਚਿਆਂ ਨੇ ਨਾ ਸਿਰਫ਼ ਤਿਉਹਾਰ ਦੀ ਮਹੱਤਤਾ ਬਾਰੇ ਜਾਣਿਆ, ਸਗੋਂ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਦਾ ਮੌਕਾ ਵੀ ਪ੍ਰਾਪਤ ਕੀਤਾ। ਛੋਟੀ ਉਮਰ ਵਿੱਚ ਅਜਿਹੇ ਤਿਉਹਾਰ ਮਨਾਉਣ ਨਾਲ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ, ਆਪਸੀ ਪਿਆਰ ਅਤੇ ਸਾਂਝ ਦੀ ਭਾਵਨਾ ਵਿਕਸਿਤ ਹੁੰਦੀ ਹੈ। ਪਿ੍ਰੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਅਜਿਹੇ ਤਿਉਹਾਰ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਰਾਹੀਂ ਬੱਚੇ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਬਾਰੇ ਸਿੱਖਦੇ ਹਨ ਅਤੇ ਚੰਗੇ ਇਨਸਾਨ ਬਣਨ ਦੀ ਪੇ੍ਰਰਨਾ ਪ੍ਰਾਪਤ ਕਰਦੇ ਹਨ। ਇਸ ਮੌਕੇ ਸਕੂਲ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਦੁਸਹਿਰੇ ਵਰਗੇ ਤਿਉਹਾਰ ਸਾਨੂੰ ਹਮੇਸ਼ਾ ਸਚਾਈ ਅਤੇ ਨੇਕੀ ਦੇ ਰਾਹ ਉੱਤੇ ਚੱਲਣ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੇ ਸੰਸਕਾਰ ਦੇਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਭਵਿੱਖ ਵਿੱਚ ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਨਾਗਰਿਕ ਬਣ ਸਕਣ।