- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ’ਚ ਬਾਬਾ ਬਾਗੇਸ਼ਵਰ ਧਾਮ ਸਰਕਾਰ ਦੀ ਹਨੂਮਤ ਕਥਾ ’ਚ ਸ਼ਾਮਲ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ

-ਕਿਹਾ, ਨੌਜਵਾਨ ਨਸ਼ੇ ਤੇ ਨਕਾਰਾਤਮਕਤਾ ਤੋਂ ਦੂਰ ਰਹਿ ਕੇ ਰਾਸ਼ਟਰ ਨਿਰਮਾਣ ’ਚ ਲਾਉਣ ਊਰਜਾ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੁਧਿਆਣਾ ’ਚ ਕਰਵਾਈ ਗਈ ਬਾਬਾ ਬਾਗੇਸ਼ਵਰ ਧਾਮ ਸਰਕਾਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਹਨੂਮਤ ਕਥਾ ’ਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸੰਕਟਮੋਚਨ ਹਨੂਮਾਨ ਜੀ ਦੇ ਚਰਨਾਂ ’ਚ ਨਮਨ ਕਰਦਿਆਂ ਪੰਜਾਬ ਦੀ ਪਾਵਨ ਧਰਤੀ ਅਤੇ ਗੁਰੂ ਸਾਹਿਬਾਨ ਦੀ ਮਹਾਨ ਪਰੰਪਰਾ ਨੂੰ ਵੀ ਸ਼ਰਧਾਪੂਰਵਕ ਪ੍ਰਣਾਮ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਮੌਕਾ ਸਿਰਫ਼ ਧਾਰਮਿਕ ਸਮਾਗਮ ਨਹੀਂ, ਸਗੋਂ ਆਸਥਾ, ਸੰਸਕਾਰ, ਸੱਭਿਆਚਾਰ ਅਤੇ ਸੇਵਾ ਦਾ ਸੰਗਮ ਹੈ। ਉਨ੍ਹਾਂ ਕਿਹਾ ਕਿ ਹਨੂਮਾਨ ਜੀ ਸਿਰਫ਼ ਸ਼ਕਤੀ ਦੇ ਪ੍ਰਤੀਕ ਨਹੀਂ, ਸਗੋਂ ਭਗਤੀ, ਸੇਵਾ, ਸਮਰਪਣ, ਸਾਹਸ ਅਤੇ ਨਿਮਰਤਾ ਦੇ ਵੀ ਉੱਚ ਆਦਰਸ਼ ਹਨ। ਉਨ੍ਹਾਂ ਕੋਲ ਅਪਾਰ ਸ਼ਕਤੀ ਅਤੇ ਗਿਆਨ ਸੀ, ਪਰ ਉਨ੍ਹਾਂ ’ਚ ਹੰਕਾਰ ਜਾਂ ਦਿਖਾਵਾ ਨਹੀਂ ਸੀ। ਉਨ੍ਹਾਂ ਦਾ ਪੂਰਾ ਜੀਵਨ ਪ੍ਰਭੂ ਸ੍ਰੀ ਰਾਮ ਦੀ ਸੇਵਾ ਅਤੇ ਲੋਕ-ਕਲਿਆਣ ਨੂੰ ਸਮਰਪਿਤ ਰਿਹਾ।
ਸੈਣੀ ਨੇ ਨੌਜਵਾਨਾਂ ਨੂੰ ਨਸ਼ੇ, ਨਿਰਾਸ਼ਾ ਤੇ ਨਕਾਰਾਤਮਕਤਾ ਤੋਂ ਦੂਰ ਰਹਿਣ ਅਤੇ ਆਪਣੀ ਊਰਜਾ ਸਿੱਖਿਆ, ਖੇਡਾਂ, ਹੁਨਰ ਵਿਕਾਸ, ਰੁਜ਼ਗਾਰ, ਸੇਵਾ ਅਤੇ ਰਾਸ਼ਟਰ ਨਿਰਮਾਣ ’ਚ ਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੁਸ਼ਕਲ ਹਾਲਾਤ ਅਤੇ ਚੁਣੌਤੀਆਂ ਜੀਵਨ ਦਾ ਹਿੱਸਾ ਹਨ, ਪਰ ਮਜ਼ਬੂਤ ਇੱਛਾ-ਸ਼ਕਤੀ ਤੇ ਆਤਮਵਿਸ਼ਵਾਸ ਨਾਲ ਇਨ੍ਹਾਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਕਟ ਦੀ ਘੜੀ ’ਚ ਸੰਕਟਮੋਚਨ ਹਨੂਮਾਨ ਜੀ ਦਾ ਸਿਮਰਨ ਮਨੁੱਖ ਨੂੰ ਹੌਸਲਾ ਤੇ ਵਿਸ਼ਵਾਸ ਪ੍ਰਦਾਨ ਕਰਦਾ ਹੈ। ਭਾਰਤ ਦੇ ਨੌਜਵਾਨਾਂ ਦੀ ਊਰਜਾ ਦੇਸ਼ ਦੀ ਵੱਡੀ ਤਾਕਤ ਹੈ। ਇਸ ਲਈ ਨੌਜਵਾਨਾਂ ਨੂੰ ਆਪਣੇ ਜੀਵਨ ’ਚ ਅਨੁਸ਼ਾਸਨ, ਮਿਹਨਤ, ਸੰਸਕਾਰ ਤੇ ਸਕਾਰਾਤਮਕ ਸੋਚ ਨੂੰ ਅਪਣਾ ਕੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਸਾਨੂੰ ਆਧੁਨਿਕ ਵੀ ਬਣਨਾ ਹੈ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਵੀ ਰਹਿਣਾ ਹੈ। ਤਕਨਾਲੋਜੀ ਸਾਡੇ ਹੱਥਾਂ ’ਚ ਹੋਵੇ, ਪਰ ਸੰਸਕਾਰ ਸਾਡੇ ਦਿਲਾਂ ’ਚ ਕਾਇਮ ਰਹਿਣ। ਉਨ੍ਹਾਂ ਕਿਹਾ ਕਿ ਆਧੁਨਿਕ ਗਿਆਨ ਅਤੇ ਤਕਨਾਲੋਜੀ ਦੇ ਨਾਲ ਬੱਚਿਆਂ ਦੇ ਜੀਵਨ ’ਚ ਮਾਤਾ-ਪਿਤਾ ਅਤੇ ਗੁਰੂਜਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਵੀ ਬਣੀ ਰਹਿਣੀ ਚਾਹੀਦੀ ਹੈ।