- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਦੱਖਣੀ ਦੇ ਇੰਚਾਰਜ ਚੀਮਾ ਤੇ ਹਲਕਾ ਆਤਮ ਨਗਰ ਦੇ ਆਗੂ ਕੜਵਲ ਵੱਲੋਂ ਪਰਗਟ ਸਿੰਘ ਨਾਲ ਮੁਲਾਕਾਤ

-ਚੀਮਾ ਤੇ ਕੜਵਲ ਨੂੰ ਪਰਗਟ ਸਿੰਘ ਦੀ ਅਗਵਾਈ ’ਚ ਕਾਂਗਰਸ ਮਜ਼ਬੂਤ ਹੋਣ ਦੀ ਆਸ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਹਲਕਾ ਲੁਧਿਆਣਾ ਦੱਖਣੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਅਤੇ ਹਲਕਾ ਆਤਮ ਨਗਰ ਦੇ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਨੇ ਅੱਜ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਮੁਬਾਰਕਬਾਦ ਦਿੱਤੀ। ਮੁਲਾਕਾਤ ਦੌਰਾਨ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਪਾਰਟੀ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਲਈ ਕਾਂਗਰਸੀ ਵਰਕਰਾਂ ਨੂੰ ਇਕਜੁੱਟ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਚੀਮਾ ਤੇ ਕੜਵਲ ਨੇ ਕਿਹਾ ਕਿ ਪਰਗਟ ਸਿੰਘ ਵਰਗੇ ਤਜਰਬੇਕਾਰ ਅਤੇ ਸਪੱਸ਼ਟ ਸੋਚ ਵਾਲੇ ਆਗੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਮਿਲਣਾ ਪਾਰਟੀ ਲਈ ਇੱਕ ਨਵਾਂ ਮੋੜ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਸਿਰਫ਼ ਬਿਆਨਾਂ ਦਾ ਨਹੀਂ, ਸਗੋਂ ਸੜਕ ਤੋਂ ਲੈ ਕੇ ਵਿਧਾਨ ਸਭਾ ਤੱਕ ਲੋਕਾਂ ਦੇ ਮੁੱਦਿਆਂ ਨੂੰ ਡਟ ਕੇ ਉਠਾਉਣ ਦਾ ਹੈ। ਉਨ੍ਹਾਂ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਜਿਹੜੀਆਂ ਸਰਕਾਰਾਂ ਲੋਕਾਂ ਦੀ ਆਵਾਜ਼ ਨੂੰ ਅਣਸੁਣਿਆ ਕਰਦੀਆਂ ਹਨ, ਉਨ੍ਹਾਂ ਨੂੰ ਲੋਕਤੰਤਰ ਵਿੱਚ ਜਵਾਬ ਦੇਣਾ ਹੀ ਪੈਂਦਾ ਹੈ। ਪੰਜਾਬ ਦੇ ਲੋਕ ਬਦਲਾਅ ਦੀ ਉਡੀਕ ਵਿੱਚ ਹਨ ਅਤੇ ਕਾਂਗਰਸ ਲੋਕਾਂ ਦੇ ਹੱਕਾਂ, ਰੁਜ਼ਗਾਰ, ਵਿਕਾਸ ਅਤੇ ਇਨਸਾਫ਼ ਦੇ ਮੁੱਦਿਆਂ ਨੂੰ ਲੈ ਕੇ ਮੈਦਾਨ ਵਿੱਚ ਡਟੇਗੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨਾਲ ਸਿੱਧਾ ਸੰਪਰਕ, ਧੜੇਬੰਦੀ ਤੋਂ ਉੱਪਰ ਉੱਠ ਕੇ ਸੰਗਠਨ ਅਤੇ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇਣੀ ਹੋਵੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਨਵੀਂ ਊਰਜਾ, ਨਵੀਂ ਰਣਨੀਤੀ ਅਤੇ ਮਜ਼ਬੂਤ ਜ਼ਮੀਨੀ ਸੰਗਠਨ ਨਾਲ ਅੱਗੇ ਲਿਜਾਣ ਲਈ ਹਰ ਕਾਂਗਰਸੀ ਵਰਕਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗਾ।
-ਬੈਂਸ ਭਰਾਵਾਂ ਲਈ ਟਿਕਟ ਲੈਣੀ ਨਹੀਂ ਹੋਵੇਗੀ ਸੁਖਾਲੀ
ਲੁਧਿਆਣਾ ਤੋਂ ਐਮਪੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮੇਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੀ ਤੂਤੀ ਬੋਲਦੀ ਸੀ, ਦੋਵੇਂ ਭਰਾਵਾਂ ਦੇ ਹਲਕਾ ਆਤਮ ਨਗਰ ਤੇ ਹਲਕਾ ਲੁਧਿਆਣਾ ਦੱਖਣੀ ਤੋਂ ਚੋਣ ਲੜਨ ਲਈ ਤਿਆਰੀ ਖਿੱਚ ਲਈ ਸੀ। ਪਰ ਹੁਣ ਪਰਗਟ ਸਿੰਘ ਦੇ ਨਵਾਂ ਕਪਤਾਨ ਬਣਨ ਨਾਲ ਬੈਂਸ ਭਰਾਵਾਂ ਲਈ ਦੋ ਟਿਕਟਾਂ ਲੈਣੀਆਂ ਸੌਖਾ ਨਹੀਂ ਹੋਵੇਗਾ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ, ਪਰ ਹਾਲ ਦੀ ਘੜੀ ਬੈਂਸ ਭਰਾਵਾਂ ਦੀਆਂ ਸਿਆਸੀ ਚਿੰਤਾਵਾਂ ਜ਼ਰੂਰ ਵੱਧ ਗਈਆਂ ਹਨ।