- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਹੋਏ ਜਪ ਤਪ

ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ, ਰਾੜਾ ਸਾਹਿਬ : ਕੁਦਰਤ ਦੀ ਗੋਦ ’ਚ ਵਸੇ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਵਤਾਰ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਨੇ ਗੁਰੂ ਸਾਹਿਬ ਦੇ ਜੀਵਨ ਸਬੰਧੀ ਵਿਚਾਰਾਂ ਕਰਦਿਆਂ ਗੁਰਬਾਣੀ ਪ੍ਰਮਾਣਾਂ ਰਾਹੀਂ ਦੱਸਿਆ ਕਿ ਦੁਨੀਆਵੀ ਲੜਾਈਆਂ ਆਪਣੇ ਲਈ ਹੁੰਦੀਆਂ ਹਨ। ਪਰ ਗੁਰੂ ਸਾਹਿਬ ਨੇ ਧਰਮ ਲਈ ਗਉ ਗਰੀਬ ਤੇ ਮਜ਼ਲੂਮਾਂ ਦੀ ਰਾਖੀ ਲਈ ਜੰਗਾਂ ਕੀਤੀਆਂ, ਕਦੇ ਕਿਸੇ ’ਤੇ ਚੜ੍ਹ ਕੇ ਨਹੀ ਗਏ ਤੇ ਚੜ੍ਹ ਕੇ ਆਏ ਨੂੰ ਹਮੇਸ਼ਾ ਸਬਕ ਸਿਖਾਇਆ ਹੈ। ਬਚਪਨ ’ਚ ਹੀ ਗੁਰੂ ਸਾਹਿਬ ਨੂੰ ਖਤਮ ਕਰਨ ਦੀਆਂ ਵਿਉਤਾਂ ਬਣਾਉਣ ਵਾਲੇ ਖ਼ੁਦ ਆਪ ਖਤਮ ਹੋ ਗਏ। ਗੁਰੂ ਸਾਹਿਬ ਵੱਲੋਂ ਛੋਟੀ ਉਮਰ ’ਚ ਹੀ ਇਹ ਐਲਾਨ ਕਰ ਦੇਣਾ ਕਿ ਹੁਣ ਧਰਮ ਤੋਂ ਬਿਨਾ ਸਰਕਾਰਾਂ ਨਹੀਂ ਚੱਲਣਗੀਆਂ, ਮੀਰੀ-ਪੀਰੀ ਦੀਆਂ ਦੋ ਤਲਵਾਰਾ ਪਹਿਨਣਾ, ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਨਾ, ਸਿੱਖ ਨੂੰ ਸੰਤ ਸਿਪਾਹੀ ਬਣਾਉਣ, ਚੰਦੂ ਨੂੰ ਕੀਤੇ ਦੀ ਸਜ਼ਾ ਦੇਣ ਅਤੇ 52 ਕੈਦੀ ਰਾਜਿਆਂ ਦੀ ਬੰਦ ਖਲਾਸੀ ਕਰਵਾਉਣ ਤੋਂ ਇਲਾਵਾ ਗੁਰੂ ਸਾਹਿਬ ਜੀ ਦੇ ਜੀਵਨ ਦੇ ਕਈ ਪੱਖਾਂ ਸਬੰਧੀ ਉਨ੍ਹਾਂ ਭਰਪੂਰ ਚਾਨਣਾ ਪਾਇਆ।
ਇੱਥੇ ਜ਼ਿਕਰਯੋਗ ਹੈ ਕਿ 3 ਜੂਨ ਤੋਂ ਤਪੋਬਣ ਵਿੱਚ ਸ਼ੁਰੂ ਹੋਏ ਜਪ ਤਪ ਸਮਾਗਮਾਂ ਦੀ ਅੱਜ 28ਵੇਂ ਦਿਨ ਬਾਅਦ ਸੰਪੂਰਨਤਾ ਹੋਈ। ਰੋਜ਼ਾਨਾ 7 ਤੋਂ 9 ਵਜੇ ਤੱਕ ਨਾਮ ਸਿਮਰਨ ਕੀ ਹੈ? ਨਾਮ ਕਿਵੇਂ ਜਪਣਾ ਹੈ ਤੇ ਇਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਆਦਿਕ ਸਬੰਧੀ ਸੰਤ ਖ਼ਾਲਸਾ ਨੇ ਕਮਾਏ ਹੋਏ ਅਨੁਭਵੀ ਪ੍ਰਵਚਨਾਂ ਰਾਹੀਂ ਦੱਸਿਆ ਕਿ ਸਾਡੇ ਜੀਵਨ ਦਾ ਸਭ ਤੋਂ ਮੁੱਖ ਮਨੋਰਥ ਹੀ ਨਾਮ ਸਿਮਰਨ ਹੋਣਾ ਚਾਹੀਦਾ ਹੈ ਭਾਵੇਂ ਅਸੀਂ ਘਰ ਦੇ ਕੰਮਕਾਰ ਕਰਦੇ ਹੋਈਏ, ਖੇਤੀਬਾੜੀ ਦਾ ਕੰਮ, ਨੌਕਰੀ ਪੇਸ਼ਾ ਜਾਂ ਫਿਰ ਬਾਣੀ ਪੜ੍ਹਦੇ, ਕੀਰਤਨ ਵਿਖਿਆਨ ਕਰਦੇ ਸੁਣਦੇ ਹੋਈਏ ਹਮੇਸ਼ਾਂ ਆਪਣੇ ਅੰਦਰ ਪਰਮਾਤਮਾ ਦੀ ਯਾਦ ਦਾ ਰਟਨ ਕਰਦੇ ਰਹਿਣਾ ਚਾਹੀਦਾ ਹੈ। ਸੰਤ ਖ਼ਾਲਸਾ' ਜੀ ਨੇ ਕਿਹਾ ਕਿ ਦੁਨੀਆਂ ਤਾਂ ਜਿਉਂਦਿਆਂ ਨੂੰ ਹੀ ਛੱਡ ਦਿੰਦੀ ਹੈ ਪਰ ਪਰਮਾਤਮਾ ਦਾ ਜਪਿਆ ਹੋਇਆ ਨਾਮ ਮਨੁੱਖ ਦੇ ਲੋਕ ਤੇ ਪ੍ਰਲੋਕ ’ਚ ਸਹਾਈ ਹੁੰਦਾ ਹੈ।