ਛੋਲਿਆਂ ਦੇ ਛਿਲਕੇ ਨਾਲ 40 ਬੋਰੀਆਂ ਭੁੱਕੀ ਲਿਆਉਂਦੇ ਫੜੇ ਛੋਲਿਆਂ ਦੇ ਛਿਲਕੇ ਦੀ 200 ਬੋਰੀ ’ਚ 40 ਬੋਰੀਆਂ ਭੁੱਕੀ ਲਿਆਉਂਦੇ ਫੜੇ ਗਏ
Publish Date: Mon, 19 Oct 2026 07:47 PM (IST)
Updated Date: Tue, 20 Oct 2026 04:03 AM (IST)
-ਮੱਧ ਪ੍ਰਦੇਸ਼ ਤੋਂ ਭੁੱਕੀ ਲੈ ਕੇ ਆਏ ਸੀਆਈਏ ਪੁਲਿਸ ਨੇ ਕੀਤੇ ਕਾਬੂ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਸੀਆਈਏ ਸਟਾਫ਼ ਦੀ ਪੁਲਿਸ ਨੇ ਮੱਧ ਪ੍ਰਦੇਸ਼ ਤੋਂ 200 ਬੋਰੀਆਂ ਛੋਲਿਆਂ ਦੇ ਛਿਲਕਿਆਂ ਦੀ ਆੜ੍ਹ ਵਿਚ 40 ਬੋਰੀਆਂ ਭੁੱਕੀ ਦੀਆਂ ਟਰੱਕ ’ਚ ਭਰ ਕੇ ਲਿਆਉਂਦੇ ਜਲੰਧਰ ਅਤੇ ਮੋਗੇ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ। ਮੁਖੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਜਗਰਾਓਂ ਸੀਆਈਏ ਸਟਾਫ਼ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਜੇਰੇ ਨਿਗਰਾਨੀ ਹੇਠ ਸਬ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ’ਤੇ ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਪਿੰਡ ਸਿੱਧਵਾਂ ਖੁਰਦ ਨੇੜੇ ਰੇਡ ਮਾਰੀ, ਜਿੱਥੇ ਸਰਵਿਸ ਸਟੇਸ਼ਨ ’ਤੇ ਟਰੱਕ ਖੜ੍ਹਾ ਸੀ। ਟਰੱਕ ਨੂੰ ਘੇਰਦਿਆਂ ਉਸ ’ਚ ਸਵਾਰਾਂ ਦੋਵਾਂ ਵਿਅਕਤੀਆਂ ਨੂੰ ਕਾਬੂ ਕਰਦਿਆਂ ਤਲਾਸ਼ੀ ਲਈ ਤਾਂ ਛੋਲਿਆਂ ਦੇ ਛਿਲਕੇ ਨਾਲ ਭਰੇ ਟਰੱਕ ਦੇ ਹੇਠਾਂ 40 ਬੋਰੀਆਂ ਭੁੱਕੀ ਦੀਆਂ ਬਰਾਮਦ ਹੋਈਆਂ। ਜਿਸ ’ਤੇ ਪੁਲਿਸ ਨੇ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਬਲਦੇਵ ਸਿੰਘ ਵਾਸੀ ਬਚਿੰਤ ਨਗਰ ਜਲੰਧਰ ਅਤੇ ਲਖਵਿੰਦਰ ਸਿੰਘ ਉਰਫ ਲੱਖੂ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਦੋਲੇਵਾਲ ਮੋਗਾ ਖ਼ਿਲਾਫ਼ ਜਗਰਾਓਂ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਉਕਤ ਦੋਵਾਂ ਦੀ ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਇਹ ਦੋਵੇਂ ਮੱਧ ਪ੍ਰਦੇਸ਼ ਤੋਂ ਭੁੱਕੀ ਲੈ ਕੇ ਆਏ ਸਨ। ਜਗਰਾਓਂ ਇਲਾਕੇ ਵਿਚ ਸਪਲਾਈ ਕਰਨ ਲਈ ਗਾਹਕ ਦਾ ਇੰਤਜਾਰ ਕਰ ਰਹੇ ਸਨ। ਜਗਰਾਓਂ ਸੀਆਈਏ ਸਟਾਫ਼ ਦੇ ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਨੂੰ ਅਦਾਲਤ ਪੇਸ਼ ਕਰ ਕੇ ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।