ਔਰਤ ਦੇ ਘਰੋਂ ਨਕਦੀ, ਗਹਿਣੇ ਤੇ ਰਜਿਸਟਰੀ ਚੋਰੀ, ਪੁੱਤ-ਨੂੰਹ ’ਤੇ ਕੇਸ
80 ਸਾਲਾ ਬਜ਼ੁਰਗ ਔਰਤ ਦੇ ਘਰੋਂ ਨਕਦੀ, ਗਹਿਣੇ ਤੇ ਜ਼ਮੀਨ ਦੀ ਰਜਿਸਟਰੀ ਚੋਰੀ
Publish Date: Wed, 09 Sep 2026 11:11 PM (IST)
Updated Date: Thu, 10 Sep 2026 04:10 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸਮਰਾਲਾ ਚੌਕ ਨੇੜੇ ਗੁਰੂ ਅਰਜਨ ਦੇਵ ਨਗਰ ਵਿੱਚ ਰਹਿਣ ਵਾਲੀ 80 ਸਾਲਾ ਬਜ਼ੁਰਗ ਔਰਤ ਨੇ ਆਪਣੇ ਹੀ ਪੁੱਤ ਅਤੇ ਨੂੰਹ ਖ਼ਿਲਾਫ਼ ਘਰ ਵਿੱਚੋਂ ਨਕਦੀ, ਗਹਿਣੇ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਨ ਦੇ ਦੋਸ਼ ਲਗਾਏ ਹਨ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਬਜ਼ੁਰਗ ਔਰਤ ਬਲਵੀਰ ਕੌਰ ਨੇ ਦੱਸਿਆ ਕਿ 24 ਮਈ 2025 ਤੋਂ 18 ਜੂਨ 2025 ਦੇ ਦਰਮਿਆਨ ਉਸ ਦੇ ਘਰ ਵਿੱਚੋਂ 10 ਹਜ਼ਾਰ ਰੁਪਏ ਨਕਦ, ਕੁਝ ਸੋਨੇ ਦੇ ਗਹਿਣੇ, ਕੁਝ ਚਾਂਦੀ ਦੇ ਗਹਿਣੇ, ਘਰ ਦੀ ਰਜਿਸਟਰੀ, ਸਮਾਰਟ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਹੋ ਗਏ। ਬਜ਼ੁਰਗ ਔਰਤ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤ ਤਰਨਵੀਰ ਸਿੰਘ ਅਤੇ ਨੂੰਹ ਤਰਨਜੀਤ ਕੌਰ ਨੇ ਹਮਸਾਜ਼ ਹੋ ਕੇ ਇਹ ਸਾਮਾਨ ਚੋਰੀ ਕੀਤਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਤਰਨਵੀਰ ਸਿੰਘ ਅਤੇ ਉਸ ਦੀ ਪਤਨੀ ਤਰਨਜੀਤ ਕੌਰ ਵਾਸੀ ਗੁਰੂ ਅਰਜਨ ਦੇਵ ਨਗਰ, ਸਮਰਾਲਾ ਚੌਕ, ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਹੁਣ ਚੋਰੀ ਹੋਏ ਨਕਦੀ, ਗਹਿਣਿਆਂ ਅਤੇ ਦਸਤਾਵੇਜ਼ਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।