ਨਾਬਾਲਿਗਾ ਦਾ ਇਤਰਾਜ਼ਯੋਗ ਵੀਡੀਓ ਕਲਿੱਪ ਵਾਇਰਲ ਕਰਨ ਵਾਲੇ ’ਤੇ ਮਾਮਲਾ ਦਰਜ
ਨਾਬਾਲਗ ਲੜਕੀ ਦਾ ਇਤਰਾਜਯੋਗ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਈਰਲ ਕਰਨ ਵਾਲੇ ਖਿਲਾਫ਼ ਮਾਮਲਾ ਦਰਜ
Publish Date: Mon, 16 Feb 2026 07:36 PM (IST)
Updated Date: Tue, 17 Feb 2026 04:10 AM (IST)

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ ; ਥਾਣਾ ਕੂੰਮਕਲਾਂ ਪੁਲਿਸ ਵਲੋਂ ਇਕ ਨਾਬਾਲਗ ਲੜਕੀ ਦਾ ਇਤਰਾਜਯੋਗ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਈਰਲ ਕਰਨ ’ਤੇ ਪੁਲਸ ਨੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਹਿਚਾਣ ਮੁੰਦਰ ਸਿੰਘ ਵਾਸੀ ਹੈਦਰ ਨਗਰ ਵਜੋਂ ਹੋਈ ਹੈ। ਪੁਲਿਸ ਕੋਲ ਨਾਬਾਲਗ ਲੜਕੀ ਦੇ ਪਿਤਾ ਨੇ ਬਿਆਨ ਦਰਜ ਕਰਵਾਏ ਕਿ ਉਸਨੇ ਪਿਛਲੇ ਸਾਲ 21-3-2025 ਨੂੰ ਸੁਖਵਿੰਦਰ ਸਿੰਘ ਖਿਲਾਫ਼ ਥਾਣਾ ਕੂੰਮਕਲਾਂ ਵਿਚ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਵਾਇਆ ਸੀ ਅਤੇ ਮੁਲਜਮ ਉਸ ਸਮੇਂ ਤੋਂ ਫ਼ਰਾਰ ਚੱਲਿਆ ਆ ਰਿਹਾ ਸੀ। ਬਿਆਨਕਰਤਾ ਅਨੁਸਾਰ ਜਿਸ ਦਿਨ ਤੋਂ ਉਸਨੇ ਮਾਮਲਾ ਦਰਜ ਕਰਵਾਇਆ, ਸੁਖਵਿੰਦਰ ਸਿੰਘ ਦਾ ਸਾਰਾ ਪਰਿਵਾਰ ਉਸਦੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦੇ ਕੇ ਦਬਾਅ ਪਾ ਰਿਹਾ ਹੈ ਕਿ ਦਰਜ ਕਰਵਾਏ ਮਾਮਲੇ ਸਬੰਧੀ ਰਾਜੀਨਾਮਾ ਕਰ ਲਵੇ। ਇਸ ਮਾਮਲੇ ਸਬੰਧੀ ਮੁਲਜਮ ਸੁਖਵਿੰਦਰ ਸਿੰਘ ਦੀਆਂ ਮਾਣਯੋਗ ਅਦਾਲਤਾਂ ਤੋਂ ਜਮਾਨਤਾਂ ਖਾਰਿਜ ਹੋ ਚੁੱਕੀਆਂ ਹਨ। ਬਿਆਨਕਰਤਾ ਅਨੁਸਾਰ ਸੋਸ਼ਲ ਮੀਡੀਆ ’ਤੇ ਇੱਕ ਵੱਟਸਐਪ ਗਰੁੱਪ ਵਿਚ 10 ਫਰਵਰੀ 2026 ਨੂੰ ਮੇਰੀ ਨਾਬਾਲਗ ਲੜਕੀ ਦਾ ਇਤਰਾਜਯੋਗ ਵੀਡੀਓ ਕਲਿੱਪ ਵਾਇਰਲ ਕਰ ਦਿੱਤਾ ਗਿਆ। ਜਦੋਂ ਵੀਡੀਓ ਬਾਰੇ ਪਤਾ ਕੀਤਾ ਤਾਂ ਇਹ ਮੁਲਜ਼ਮ ਸੁਖਵਿੰਦਰ ਸਿੰਘ ਦੇ ਭਰਾ ਮੁੰਦਰ ਸਿੰਘ ਦੇ ਨੰਬਰ ਤੋਂ ਵਾਈਰਲ ਕੀਤੀ ਹੋਈ ਸੀ। ਪੁਲਿਸ ਵਲੋਂ ਬਿਆਨਾਂ ਦੇ ਅਧਾਰ ’ਤੇ ਮੁੰਦਰ ਸਿੰਘ ਖਿਲਾਫ਼ 67-ਬੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।