ਅਸ਼ਲੀਲ ਵੀਡੀਓ ਰਾਹੀਂ ਬਲੈਕਮੇਲ ਕਰਨ ਵਾਲੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਕੇਸ
ਨਹਾਉਂਦੇ ਸਮੇਂ ਨਿਊਡ ਵੀਡੀਓ ਬਣਾ ਬਲੈਕਮੇਲ ਕਰਨ ਦਾ ਦੋਸ਼, ਪਤੀ,ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ
Publish Date: Tue, 24 Feb 2026 07:13 PM (IST)
Updated Date: Tue, 24 Feb 2026 07:16 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਥਾਣਾ ਸਰਾਭਾ ਨਗਰ ਇਲਾਕੇ ’ਚ ਰਹਿੰਦੀ ਮਹਿਲਾ ਨੇ ਆਪਣੇ ਪਤੀ ’ਤੇ ਗੰਭੀਰ ਦੋਸ਼ ਲਗਾਉਂਦਿਆਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੀੜਤਾ ਦਾ ਦਾਅਵਾ ਹੈ ਕਿ ਉਸਦਾ ਪਤੀ ਉਸ ਨੂੰ ਪਖਾਨੇ ’ਚੋਂ ਜ਼ਬਰਦਸਤੀ ਬਾਹਰ ਘਸੀਟ ਕੇ ਅਸ਼ਲੀਲ ਵੀਡੀਓ ਬਣਾ ਚੁੱਕਾ ਹੈ ਅਤੇ ਉਸੇ ਵੀਡੀਓ ਨੂੰ ਪ੍ਰਸਾਰਿਤ ਕਰਨ ਦੀ ਧਮਕੀ ਦੇ ਕੇ ਲੰਮੇ ਸਮੇਂ ਤੱਕ ਬਲੈਕਮੇਲ ਕਰਦਾ ਰਿਹਾ। ਮਹਿਲਾ ਨੇ ਦੱਸਿਆ ਕਿ ਉਸਦੀ ਸ਼ਾਦੀ ਤਿੰਨ ਸਾਲ ਪਹਿਲਾਂ ਇੱਕ ਮਸ਼ਹੂਰ ਕਾਰੋਬਾਰੀ ਦੇ ਪੁੱਤਰ ਨਾਲ ਹੋਈ ਸੀ। ਵਿਆਹ ਤੋਂ ਪਹਿਲਾਂ ਦੋਹਾਂ ਪਰਿਵਾਰਾਂ ਵਿਚਕਾਰ ਬਿਨਾਂ ਦਾਜ ਦੇ ਵਿਆਹ ਕਰਨ ਦੀ ਗੱਲ ਤੈਅ ਹੋਈ ਸੀ ਪਰ ਰੋਕਾ ਹੋਣ ਤੋਂ ਬਾਅਦ ਸਹੁਰਿਆਂ ਵੱਲੋਂ ਲਗਾਤਾਰ ਨਵੀਆਂ ਮੰਗਾਂ ਰੱਖੀਆਂ ਜਾਣ ਲੱਗੀਆਂ। ਦੋਸ਼ ਹੈ ਕਿ ਵਿਆਹ ਸਮੇਂ ਆਡੀ ਕਿਊ-8 ਕਾਰ, ਸੋਨੇ ਦਾ ਸੈੱਟ ਅਤੇ ਹੀਰਿਆਂ ਦਾ ਸੈੱਟ ਦਿੱਤਾ ਗਿਆ। ਇਸ ਤੋਂ ਇਲਾਵਾ ਰਿਸ਼ਤੇਦਾਰਾਂ ਵੱਲੋਂ ਵੀ ਮਹਿੰਗੇ ਗਹਿਣੇ ਦਿੱਤੇ ਗਏ। ਪੀੜਤਾ ਅਨੁਸਾਰ ਵਿਆਹ ਤੋਂ ਬਾਅਦ ਪਤੀ ਦੇ ਹੋਰ ਲੜਕੀਆਂ ਨਾਲ ਸਬੰਧ ਬਣ ਗਏ। ਜਦੋਂ ਉਸਨੇ ਇਸਦਾ ਵਿਰੋਧ ਕੀਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਣ ਲੱਗੀ। ਇੱਕ ਦਿਨ ਜਦੋਂ ਉਹ ਨਹਾ ਰਹੀ ਸੀ ਤਾਂ ਪਤੀ ਨੇ ਉਸ ਨੂੰ ਬਾਹਰ ਖਿੱਚ ਕੇ ਅਸ਼ਲੀਲ ਵੀਡੀਓ ਬਣਾ ਲਈ। ਉਸ ਮੁਤਾਬਕ ਪਤੀ ਇਸ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸਨੂੰ ਬੇਇੱਜ਼ਤ ਕਰਦਾ ਰਿਹਾ, ਅਸ਼ਲੀਲ ਹਰਕਤਾਂ ਕਰਵਾਉਂਦਾ ਅਤੇ ਕਈ ਵਾਰ ਜ਼ਮੀਨ ‘ਤੇ ਨੱਕ ਰਗੜਨ ਲਈ ਮਜਬੂਰ ਕਰਦਾ ਰਿਹਾ। ਮਹਿਲਾ ਨੇ ਇਹ ਵੀ ਦੋਸ਼ ਲਗਾਇਆ ਕਿ ਪਰਿਵਾਰ ਵੱਲੋਂ ਮਿਲ ਕੇ ਖਰੀਦੀ ਗਈ ਜਾਇਦਾਦ ਆਪਣੇ ਨਾਮ ਕਰਵਾਉਣ ਲਈ ਪਤੀ ਨੇ ਵੀਡੀਓ ਦਾ ਦਬਾਅ ਬਣਾਇਆ ਅਤੇ ਉਸਦੇ ਪਿਤਾ ਤੋਂ ਜ਼ਬਰਦਸਤੀ ਦਸਤਖ਼ਤ ਕਰਵਾਏ। ਹਾਲ ਹੀ ਵਿੱਚ ਪਤੀ ਮਨਾਲੀ ਘੁੰਮਣ ਗਿਆ ਹੋਇਆ ਸੀ। ਉੱਥੇ ਪੀੜਤਾ ਦੇ ਭਰਾ ਨੇ ਉਸਨੂੰ ਕਿਸੇ ਹੋਰ ਲੜਕੀ ਨਾਲ ਦੇਖਿਆ ਅਤੇ ਇਸ ਬਾਰੇ ਜਾਣਕਾਰੀ ਦਿੱਤੀ। ਮਨਾਲੀ ਤੋਂ ਵਾਪਸੀ ਉਪਰੰਤ ਜਦੋਂ ਪਤਨੀ ਨੇ ਪੁੱਛਗਿੱਛ ਕੀਤੀ ਤਾਂ ਦੋਸ਼ ਹੈ ਕਿ ਪਤੀ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਘਰ ਤੋਂ ਕੱਢ ਦਿੱਤਾ। ਇਸ ਤੋਂ ਬਾਅਦ ਉਹ ਆਪਣੇ ਪੇਕੇ ਆ ਗਈ। 18 ਫਰਵਰੀ ਨੂੰ ਮਹਿਲਾ ਨੇ ਪੁਲਿਸ ਅਧਿਕਾਰੀਆਂ ਸਾਹਮਣੇ ਪੇਸ਼ ਹੋ ਕੇ ਲਿਖਤੀ ਸ਼ਿਕਾਇਤ ਦਿੱਤੀ। ਜਾਂਚ ਉਪਰੰਤ ਪੁਲਿਸ ਨੇ ਪਤੀ ਰਾਹੁਲ ਬਾਵਾ, ਸੱਸ ਅੰਜੂ ਬਾਵਾ ਅਤੇ ਸਹੁਰ ਗੁਲਸ਼ਨ ਬਾਵਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੇ ਐਸਐਚਓ ਗੁਲਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਜਲਦ ਹੀ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।