ਬੇਕਰੀ ਕਾਰੋਬਾਰੀ ਸੁਸਾਈਡ ਮਾਮਲੇ ’ਚ ਅੱਧਾ ਦਰਜਨ ਖ਼ਿਲਾਫ਼ ਪਰਚਾ ਦਰਜ
ਬੇਕਰੀ ਕਾਰੋਬਾਰੀ ਸੁਸਾਈਡ ਮਾਮਲੇ ਵਿੱਚ ਅੱਧਾ ਦਰਜਨ ਖਿਲਾਫ ਪਰਚਾ ਦਰਜ
Publish Date: Thu, 04 Jun 2026 08:08 PM (IST)
Updated Date: Fri, 05 Jun 2026 03:39 PM (IST)

ਆਈਪੀਐੱਲ ਮੈਚਾਂ ਤੇ ਵਿਆਜੀ ਪੈਸੇ ਦੇ ਲੈਣ-ਦੇਣ ਕਾਰਨ ਕੀਤੀ ਖ਼ੁਦਕੁਸ਼ੀ ਕਰੀਬ ਸੱਠ ਲੱਖ ਦੇ ਲੈਣ-ਦੇਣ ਕਾਰਨ ਮਾਨਸਿਕ ਪਰੇਸ਼ਾਨ ਸੀ ਕਾਰੋਬਾਰੀ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਬੇਕਰੀ ਅਤੇ ਕਨਫੈਕਸ਼ਰੀ ਦਾ ਕੰਮ ਕਰਨ ਵਾਲੇ ਨੌਜਵਾਨ ਕਾਰੋਬਾਰੀ ਨੇ ਮਾਡਲ ਟਾਊਨ ਇਲਾਕੇ ਵਿੱਚ ਫੰਦਾ ਲਗਾ ਕੇ ਮੌਤ ਨੂੰ ਗਲੇ ਲਗਾ ਲਿਆ। ਖੁਸ਼ਬੀਰ ਨਾਂ ਦੇ ਇਸ ਕਾਰੋਬਾਰੀ ਨੇ ਆਪਣੇ ਮਾਡਲ ਟਾਊਨ ਸਥਿਤ ਨਿਰਮਾਣ ਅਧੀਨ ਘਰ ਵਿੱਚ ਫੰਦਾ ਲਗਾਇਆ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਮ੍ਰਿਤਕ ਦੇ ਪਿਤਾ ਸਲੇਮ ਟਾਬਰੀ ਵਾਸੀ ਜਸਬੀਰ ਸਿੰਘ ਦੇ ਬਿਆਨ ਉੱਪਰ ਥਾਣਾ ਮਾਡਲ ਟਾਊਨ ਪੁਲਿਸ ਨੇ ਅੱਧਾ ਦਰਜਨ ਦੇ ਕਰੀਬ ਮੁਲਜ਼ਮਾਂ ਖਿਲਾਫ ਆਤਮਹੱਤਿਆ ਲਈ ਮਾਨਸਿਕ ਤੌਰ ’ਤੇ ਉਕਸਾਉਣ ਦੇ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕੈਥਲ ਹਰਿਆਣਾ ਦੇ ਰਹਿਣ ਵਾਲੇ ਵਿਸ਼ਾਲ ਜਿੰਦਲ, ਹਾਂਸੀ ਹਰਿਆਣਾ ਵਾਸੀ ਵਿਨੇ ਜੈਨ, ਅਨਿਲ ਬੰਸਲ ਸਮੇਤ ਲੁਧਿਆਣਾ ਵਾਸੀ ਰੋਸ਼ਨ, ਲਾਲਾ ਕੇਅਰ ਆਫ ਪਵਨ ਟੈਂਟ ਹਾਊਸ ਅਤੇ ਅਮਨ ਸਵੀਟਸ ਲੁਧਿਆਣਾ ਦੇ ਮਾਲਕ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਖੁਸ਼ਬੀਰ ਸਿੰਘ ਦੇ ਪਿਤਾ ਸਲੇਮ ਟਾਬਰੀ ਮਹੱਲਾ ਲਕਸ਼ਮੀ ਪੁਰੀ ਦੇ ਰਹਿਣ ਵਾਲੇ ਜਸਵੀਰ ਸਿੰਘ ਮੁਤਾਬਕ ਉਹ ਮਾਡਲ ਹਾਊਸ ਸਥਿਤ ਇੱਕ ਪਲਾਟ ਉੱਪਰ ਨਵਾਂ ਮਕਾਨ ਬਣਵਾ ਰਹੇ ਹਨ ਅਤੇ ਉਸ ਦਾ ਬੇਟਾ ਖੁਸ਼ਬੀਰ ਸਿੰਘ ਉਰਫ ਮੋਂਟੂ ਉਸ ਘਰ ਦੇ ਨਿਰਮਾਣ ਕਾਰਜ ਦੀ ਨਿਗਰਾਨੀ ਲਈ ਉੱਥੇ ਹੀ ਰਹਿੰਦਾ ਸੀ। ਜਸਬੀਰ ਸਿੰਘ ਮੁਤਾਬਕ ਦੋ ਦਿਨ ਪਹਿਲਾਂ ਉਸਦੇ ਲੜਕੇ ਖੁਸ਼ਬੀਰ ਨੇ ਇਸ ਨਿਰਮਾਣ ਅਧੀਨ ਮਕਾਨ ਵਿੱਚ ਹੀ ਫਾਹਾ ਲਗਾ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ। ਸ਼ਿਕਾਇਤਕਰਤਾ ਮੁਤਾਬਕ ਕੈਥਲ ਹਰਿਆਣਾ ਦਾ ਰਹਿਣ ਵਾਲਾ ਵਿਸ਼ਾਲ ਜਿੰਦਲ, ਅਨਿਲ ਬੰਸਲ, ਵਿਨੇ ਜੈਨ ਅਤੇ ਲੁਧਿਆਣਾ ਵਾਸੀ ਰੋਸ਼ਨ ਲਾਲ ਅਤੇ ਅਮਨ ਸਵੀਟ ਦਾ ਮਾਲਕ ਉਸ ਦੇ ਲੜਕੇ ਨੂੰ ਲੈਣ-ਦੇਣ ਦੇ ਚੱਲਦੇ ਮਾਨਸਿਕ ਤੌਰ ’ਤੇ ਕਾਫੀ ਪਰੇਸ਼ਾਨ ਕਰ ਰਹੇ ਸਨ। ਇਸ ਮਾਨਸਿਕ ਪਰੇਸ਼ਾਨੀ ਦੇ ਚੱਲਦੇ ਹੀ ਉਸ ਦੇ ਲੜਕੇ ਨੇ ਇਹ ਆਤਮਘਾਤੀ ਕਦਮ ਚੁੱਕਿਆ। ਪੁਲਿਸ ਨੇ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਆਈਪੀਐੱਲ ਤੇ ਵਿਆਜ ਦੇ ਪੈਸੇ ਨਾਲ ਜੁੜਿਆ ਮਾਮਲਾ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੂਲ ਰੂਪ ਵਿੱਚ ਕਨਫੈਕਸ਼ਨਰੀ ਦਾ ਕਾਰੋਬਾਰ ਕਰਨ ਵਾਲੇ ਖੁਸ਼ਬੀਰ ਸਿੰਘ ਨੇ ਆਈਪੀਐੱਲ ਮੈਚਾਂ ਵਿੱਚ ਲੱਖਾਂ ਰੁਪਏ ਲਗਾਏ ਹੋਏ ਸਨ। ਇਹਨਾਂ ਮੈਚਾਂ ਵਿੱਚ ਲਗਾਏ ਪੈਸੇ ਕੱਟਣ ਕਾਰਨ ਖੁਸ਼ਵੀਰ ਕਾਫੀ ਪਰੇਸ਼ਾਨ ਸੀ। ਜਾਣਕਾਰੀ ਮੁਤਾਬਕ ਖੁਸ਼ਬੀਰ ਲੋਕਾਂ ਨੂੰ ਵਿਆਜ ਤੇ ਪੈਸਾ ਦਿੰਦਾ ਸੀ ਅਤੇ ਵਿਆਜ ਤੇ ਦਿੱਤੇ ਪੈਸੇ ਦੀ ਉਗਰਾਹੀ ਨੂੰ ਲੈ ਕੇ ਵੀ ਉਹ ਕਾਫੀ ਪਰੇਸ਼ਾਨ ਚੱਲ ਰਿਹਾ ਸੀ। ਪੁਲਿਸ ਵੱਲੋਂ ਉਕਤ ਮਾਮਲੇ ਨੂੰ ਆਈਪੀਐੱਲ ਮੈਚਾਂ ਨਾਲ ਜੁੜੇ ਹੋਣ ਦੀ ਜਾਣਕਾਰੀ ਮਿਲਣ ਮਗਰੋਂ ਹੋਰ ਕਈ ਪਹਿਲੂਆਂ ਤੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।