ਪਿੰਡ ਸਲੇਮਪੁਰਾ ਦੇ ਸਰਪੰਚ, ਉਸ ਦੇ ਭਰਾ ਸਮੇਤ 4 ’ਤੇ ਪਰਚਾ ‘ਆਪ’ ਦੇ ਪਿੰਡ ਸਲੇਮਪੁਰਾ ਦੇ ਸਰਪੰਚ, ਉਸਦੇ ਭਰਾ ਸਮੇਤ 4 ਤੇ ਪਰਚਾ
Publish Date: Tue, 29 Sep 2026 08:17 PM (IST)
Updated Date: Wed, 30 Sep 2026 04:10 AM (IST)
ਮਾਮਲਾ ਸਰਪੰਚ ਵੱਲੋਂ ਨੌਜਵਾਨ ਦੀ ਡਾਗਾਂ ਨਾਲ ਕੁੱਟਮਾਰ ਕਰਨ ਦਾ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਬੇਟ ਇਲਾਕੇ ਦੇ ਪਿੰਡ ਸਲੇਪੁਰਾ ’ਚ ਪਿਛਲੇ ਦਿਨੀਂ ਨਸ਼ਾ ਤਸਕਰਾਂ ਦੀ ਪੁਲਿਸ ਨੂੰ ਸੌਂਪੀ ਸੂਚੀ ਵਿਚ ਨਾਮ ਸ਼ਾਮਲ ਕਰਨ ਦਾ ਉਲਾਂਭਾ ਲੈ ਕੇ ਗਏ ਨੌਜਵਾਨ ਨੂੰ ਸਰਪੰਚ ਅਤੇ ਉਸ ਦੇ ਸਾਥੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਥਾਣਾਂ ਸਿੱਧਵਾਂ ਬੇਟ ਦੀ ਪੁਲਿਸ ਨੇ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਪਿੰਡ ਸਲੇਮਪੁਰਾ ਦੇ ਸਰਪੰਚ, ਉਸ ਦੇ ਭਰਾ ਸਮੇਤ 4 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਵਰਣਨਯੋਗ ਹੈ ਕਿ ਪਿੰਡ ਸਲੇਮਪੁਰਾ ਦੇ 25 ਸਾਲਾਂ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਬੀਤੀ 25 ਸਤੰਬਰ ਦੀ ਸ਼ਾਮ ਨੂੰ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਸਲੇਮਪੁਰੀ ਅਤੇ ਉਸ ਦੇ ਸਾਥੀਆਂ ਵੱਲੋਂ ਘਰ ਦੇ ਬਾਹਰ ਹੀ ਡਾਂਗ ਵਰਾਉਂਦਿਆਂ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ। ਇਸ ਵੀਡੀਓ ਵਿਚ ਸਰਪੰਚ ਅਤੇ ਸਾਥੀ ਇਸ ਨੌਜਵਾਨ ਨੂੰ ਨਿੱਤ ਘਰ ਆਉਣ ਦੀ ਦੁਹਾਈ ਦਿੰਦਿਆਂ ਗਾਲ੍ਹਾਂ ਕੱਢਦੇ ਕੁੱਟਮਾਰ ਕਰ ਰਹੇ ਹਨ। ਇਸ ਦੌਰਾਨ ਜ਼ਖ਼ਮੀ ਹੋਏ ਹਰਪ੍ਰੀਤ ਸਿੰਘ ਨੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਡਰਾਈਵਰ ਵਜੋਂ ਕੰਮ ਕਰਦਾ ਹੈ, ਉਸ ਦਾ ਨਾਮ ਵੀਡੀਸੀ ਲਿਸਟ ਵਿਚ ਸ਼ਾਮਲ ਕਰਨ ’ਤੇ ਸਰਪੰਚ ਦੇ ਘਰ ਨਾਮ ਕਢਾਉਣ ਲਈ ਗਿਆ ਸੀ। ਉੱਥੇ ਸਰਪੰਚ ਨੇ ਆਪਣੇ ਭਰਾ ਅਤੇ ਦੋ ਹੋਰ ਸਾਥੀਆਂ ਨਾਲ ਉਸ ਨਾਲ ਬਹਿਸਬਾਜ਼ੀ ਤੋਂ ਬਾਅਦ ਕੁੱਟਮਾਰ ਕੀਤੀ ਅਤੇ ਉਸ ਦਾ ਮੋਬਾਈਲ ਵੀ ਖੋਹ ਕੇ ਆਪਣੇ ਘਰ ਦੇ ਅੰਦਰ ਕੰਧ ’ਤੇ ਸੁੱਟ ਦਿੱਤਾ। ਇਸ ਮਾਮਲੇ ਵਿਚ ਥਾਣਾ ਸਿੱਧਵਾਂ ਬੇਟ ਦੇ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ’ਤੇ ਸਰਪੰਚ ਦਵਿੰਦਰ ਸਿੰਘ ਸਲੇਮਪੁਰੀ, ਉਸ ਦੇ ਭਰਾ ਰਾਜੂ ਪੁੱਤਰਾਨ ਸੁਖਦੇਵ ਸਿੰਘ, ਕੁਲਵੰਤ ਸਿੰਘ ਪੁੱਤਰ ਗਿੰਦਰ ਸਿੰਘ ਅਤੇ ਗਿੰਦਾ ਵਾਸੀ ਸਲੇਮਪੁਰਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।