ਚੀਮਾ ਵਿਖੇਚ ਹੋਏ ਖ਼ੂਨੀ ਸੰਘਰਸ਼ ’ਚ ਮਹਿਲਾ ਪੰਚ ਸਮੇਤ 5 ’ਤੇ ਪਰਚਾ ਪਿੰਡ ਚੀਮਾ ਵਿਚ ਹੋਏ ਖ਼ੂਨੀ ਸੰਘਰਸ਼ ’ਚ ਮਹਿਲਾ ਪੰਚ ਸਮੇਤ 5 ’ਤੇ ਪਰਚਾ
Publish Date: Tue, 29 Sep 2026 08:26 PM (IST)
Updated Date: Wed, 30 Sep 2026 04:10 AM (IST)
ਵਾਇਰਲ ਵੀਡੀਓ ਨੇ ਫਿਲਮੀ ਅੰਦਾਜ਼ ’ਚ ਗੁੰਡਾਗਰਦੀ ਨੂੰ ਕੀਤਾ ਉਜਾਗਰ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ: ਜਗਰਾਓਂ ਨੇੜਲੇ ਪਿੰਡ ਚੀਮਾ ਵਿਚ ਸ਼ਰੇਆਮ ਪਿੰਡ ਦੇ ਇੱਕ ਪਰਿਵਾਰ ਵੱਲੋਂ ਦੂਸਰੇ ਪਰਿਵਾਰ ਦੇ ਮੈਂਬਰਾਂ ਨੂੰ ਘਰੋਂ ਬਾਹਰ ਕੱਢ ਕੇ ਫਿਲਮੀ ਅੰਦਾਜ਼ ’ਚ ਹਥਿਆਰਾਂ ਦੇ ਵਾਰ ਕਰਦਿਆਂ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਪਿੰਡ ਦੀ ਮਹਿਲਾ ਪੰਚ ਸਮੇਤ 5 ਪਰਿਵਾਰਕ ਮੈਂਬਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ। ਇਸ ਘਟਨਾ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿਚ ਔਰਤਾਂ ਵੱਲੋਂ ਵੀ ਡਾਗਾਂ ਨਾਲ ਹਮਲਾ ਬੋਲਣ ਦੀ ਘਟਨਾ ਚਰਚਾ ਵਿਚ ਹੈ, ਜਿਸ ਦੇ ਚੱਲਦਿਆਂ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਪਿੰਡ ਚੀਮਾ ਵਿਚ ਇੱਕ ਘਰ ਦੇ ਬਾਹਰ ਕਿਰਪਾਨ ਅਤੇ ਡਾਗਾਂ ਨਾਲ ਲੈਸ ਆਏ ਪਰਿਵਾਰਕ ਮੈਂਬਰਾਂ ਨੇ ਦੂਸਰੇ ਪਰਿਵਾਰ ਨੂੰ ਘਰੋਂ ਬਾਹਰ ਕੱਢ ਲਿਆ ਤੇ ਭਜਾ ਭਜਾ ਕਿਰਪਾਨ ਤੇ ਡਾਗਾਂ ਦੇ ਵਾਰ ਕਰਦਿਆਂ ਲਹੂ-ਲੁਹਾਨ ਕਰ ਦਿੱਤਾ। ਇਸ ਘਟਨਾ ਵਿਚ ਔਰਤਾਂ ਨੇ ਵੀ ਦੂਸਰੇ ਪਰਿਵਾਰ ’ਤੇ ਜਮ ਕੇ ਵਾਰ ਕੀਤੇ। ਇਸਮਾਮਲੇ ਵਿਚ ਥਾਣਾ ਹਠੂਰ ਵਿਖੇ ਘਟਨਾ ’ਚ ਜਖ਼ਮੀ ਹੋਏ ਹਰਬੰਸ ਸਿੰਘ ਉਰਫ ਬਨਾਰਸੀ ਪੁੱਤਰ ਚੂੜ ਸਿੰਘ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਖੇਤ ਪੱਠੇ ਲੈਣ ਜਾ ਰਿਹਾ ਸੀ ਤਾਂ ਪਿੰਡ ਦੇ ਹੀ ਗੁਰਸੇਵਕ ਸਿੰਘ ਉਰਫ ਭੋਲਾ ਨੇ ਆਪਣਾ ਮੋਟਰਸਾਈਕਲ ਉਸ ਵਿਚ ਮਾਰ ਕੇ ਜਖ਼ਮੀ ਕਰ ਦਿੱਤਾ। ਇਸ ਦਾ ਉਸ ਨੇ ਘਰ ਉਲਾਂਭਾ ਦਿੱਤਾ ਤਾਂ ਅਗਲੇ ਦਿਨ ਸ਼ਾਮ 5:15 ਵਜੇ ਦੇ ਕਰੀਬ ਗੁਰਸੇਵਕ ਸਿੰਘ ਉਰਫ ਭੋਲਾ, ਉਸ ਦਾ ਭਰਾ ਜਗਦੀਸ਼ ਸਿੰਘ, ਉਸ ਦੀ ਪਤਨੀ ਕਰਮਜੀਤ ਕੌਰ ਅਤੇ ਉਸ ਦੇ ਭਰਾ ਜਗਦੀਸ਼ ਸਿੰਘ ਦੀ ਪਤਨੀ ਕਰਮਜੀਤ ਕੌਰ ਅਤੇ ਮਾਤਾ ਅਮਰਜੀਤ ਕੌਰ ਜਿਨ੍ਹਾਂ ਦੇ ਹੱਥਾਂ ਵਿਚ ਕਿਰਪਾਨਾਂ, ਲੋਹੇ ਦਾ ਗੱਜ, ਡਾਂਗ ਤੇ ਡੰਡੇ ਸਨ ਨੇ ਉਸ ਨੂੰ ਘਰੋਂ ਕੱਢ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਬਚਾਅ ਵਿਚ ਉਸ ਦੀ ਧੀਆਂ ਮਨਪ੍ਰੀਤ ਕੌਰ, ਅਮਨਦੀਪ ਕੌਰ, ਪਤਨੀ ਹਰਜਿੰਦਰ ਕੌਰ ਅਤੇ ਭਰਜਾਈ ਬਲਜੀਤ ਕੌਰ ਆਈਆਂ ਤਾਂ ਉਕਤ ਸਾਰਿਆਂ ਨੇ ਉਨ੍ਹਾਂ ’ਤੇ ਵੀ ਹਮਲਾ ਬੋਲ ਦਿੱਤਾ। ਇਸ ਘਟਨਾ ਵਿਚ ਉਹ ਸਾਰੇ ਜਖ਼ਮੀ ਹੋ ਗਏ। ਇਸ ਸਬੰਧ ਵਿਚ ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿਚ ਪਿੰਡ ਦੀ ਮਹਿਲਾ ਪੰਚ ਕਰਮਜੀਤ ਕੌਰ ਉਸ ਦੇ ਪਤੀ ਗੁਰਸੇਵਕ ਸਿੰਘ, ਉਸ ਦੇ ਦਿਓਰ ਜਗਦੀਸ਼ ਸਿੰਘ, ਉਸ ਦੀ ਭਰਜਾਈ ਕਰਮਜੀਤ ਕੌਰ ਤੇ ਸੱਸ ਅਮਰਜੀਤ ਕੌਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।