ਕੁੱਟਮਾਰ ਕਰਨ ’ਤੇ ਪਿਓ-ਪੁੱਤਰਾਂ ਸਮੇਤ 4 ਖ਼ਿਲਾਫ਼ ਮਾਮਲਾ ਦਰਜ
ਮਾਈਨਿੰਗ ਰੋਕਣ ਵਾਲੇ ਵਿਅਕਤੀ ਦੀ ਕੁੱਟਮਾਰ ਕਰਨ ਵਾਲੇ ਪਿਓ-ਪੁੱਤਰਾਂ ਸਮੇਤ 4 ਖਿਲਾਫ਼ ਮਾਮਲਾ ਦਰਜ
Publish Date: Mon, 19 Jan 2026 07:32 PM (IST)
Updated Date: Tue, 20 Jan 2026 04:16 AM (IST)

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਪੁਲਿਸ ਵਲੋਂ ਬੀਤੇ ਦਿਨੀਂ ਰੇਤੇ ਦੀ ਨਾਜਾਇਜ਼ ਮਾਈਨਿੰਗ ਨਾਲ ਭਰੀਆਂ ਟਰਾਲੀਆਂ ਰੋਕਣ ’ਤੇ ਪਪਿੰਦਰ ਸਿੰਘ ਵਾਸੀ ਪਿੰਡ ਨਾਨੋਵਾਲ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਪਿਤਾ ਹੇਮ ਸਿੰਘ, ਪੁੱਤਰ ਹਰਦੀਪ ਸਿੰਘ, ਪਰਦੀਪ ਸਿੰਘ, ਗੁਰਦੀਪ ਸਿੰਘ ਵਾਸੀ ਸ਼ੇਰਪੁਰ ਬਸਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਪਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਚਕਲੀ ਕਾਸਬ ਜੋ ਮਾਛੀਵਾੜਾ ਥਾਣਾ ਅਧੀਨ ਪੈਂਦਾ ਹੈ ਜਿੱਥੇ ਉਸ ਵਲੋਂ ਤੇ ਸਰਪੰਚ ਸ਼ਰਨਜੀਤ ਸਿੰਘ ਵਲੋਂ ਪਿੰਡ ’ਚੋਂ ਲੰਘਣ ਵਾਲੀਆਂ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਕੇ ਆਉਣ ਵਾਲੀਆਂ ਟਰਾਲੀਆਂ ਨੂੰ ਰੋਕ ਕੇ ਇਨ੍ਹਾਂ ਨੂੰ ਨਾਜਾਇਜ਼ ਮਾਈਨਿੰਗ ਬੰਦ ਕਰਨ ਲਈ ਕਿਹਾ ਸੀ। ਨਾਜਾਇਜ਼ ਮਾਈਨਿੰਗ ਰੋਕਣ ’ਤੇ ਹੇਮ ਸਿੰਘ, ਉਸ ਦੇ ਲੜਕੇ ਹਰਦੀਪ ਸਿੰਘ, ਪਰਦੀਪ ਸਿੰਘ ਤੇ ਗੁਰਦੀਪ ਸਿੰਘ ਉਸ ਨਾਲ ਗਾਲੀ ਗਲੋਚ ਕਰਨ ਲੱਗੇ ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਕਤ ਵਿਅਕਤੀਆਂ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਤੇ ਸਿਰ ਵਿਚ ਸੱਟ ਲੱਗਣ ਕਾਰਨ ਉਸਨੇ ਆਪਣੀ ਜਾਨ ਬਚਾਉਣ ਦਾ ਰੌਲਾ ਪਾਇਆ। ਜ਼ਖ਼ਮੀ ਹਾਲਤ ’ਚ ਉਸ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ। ਬਿਆਨਕਰਤਾ ਅਨੁਸਾਰ ਨਾਜਾਇਜ਼ ਮਾਈਨਿੰਗ ਰੋਕਣ ਦੀ ਰੰਜਿਸ਼ ਕਾਰਨ ਉਸ ਉੱਪਰ ਇਹ ਹਮਲਾ ਕੀਤਾ ਗਿਆ। ਪੁਲਿਸ ਵਲੋਂ ਫਿਲਹਾਲ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਬਾਕਸ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਸਥਾਨਕ ਪੁਲਿਸ ਵਲੋਂ ਮਾਈਨਿੰਗ ਵਿਭਾਗ ਦੀ ’ਤੇ ਸਤਲੁਜ ਦਰਿਆ ਵਿਚ ਨਾਜਾਇਜ ਮਾਈਨਿੰਗ ਕਰਨ ਅਤੇ ਹੜ੍ਹਾਂ ਦੀ ਸੁਰੱਖਿਆ ਲਈ ਬਣਾਏ ਗਏ ਧੁੱਸੀ ਬੰਨ੍ਹ ਨੂੰ ਨੁਕਸਾਨ ਪਹੁੰਚਾਉਣ ’ਤੇ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਈਨਿੰਗ ਵਿਭਾਗ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਦਰਿਆ ਵਿਚ ਗੈਰ ਕਾਨੂੰਨੀ ਮਾਈਨਿੰਗ ਕਰ ਕੇ ਹੜ੍ਹ ਸੁਰੱਖਿਆ ਲਈ ਕੀਤੇ ਕੰਮਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਸਬੰਧੀ ਜੋ ਵੀ ਦੋਸ਼ੀ ਵਿਅਕਤੀ ਹਨ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਵਿਭਾਗ ਅਨੁਸਾਰ ਇਨ੍ਹਾਂ ਅਣਪਛਾਤੇ ਵਿਅਕਤੀਆਂ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਹੈ ਜਿਸ ਨਾਲ ਹੜ੍ਹਾਂ ਸਮੇਂ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ। ਥਾਣਾ ਮੁਖੀ ਪਵਿੱਤਰ ਸਿੰਘ ਅਨੁਸਾਰ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।