- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਮਾਮਲਾ ਵਿਧਾਇਕ ਵੱਲੋਂ ਟਿੱਪਰ ਚਾਲਕ ਦੇ ਥੱਪੜ ਮਾਰਨ ਦਾ-

-ਵਿਧਾਇਕਾ ਛੀਨਾ ਵੱਲੋਂ ਟਿੱਪਰ ਡਰਾਈਵਰ ਨੂੰ ਥੱਪੜ ਮਾਰਨ ਦਾ ਮਾਮਲਾ
47
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਬੀਤੇ ਦਿਨੀਂ ਹਲਕਾ ਲੁਧਿਆਣਾ ਦੱਖਣੀ ਦੀ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਇਕ ਟਿੱਪਰ ਡਰਾਈਵਰ ਨੂੰ ਥੱਪੜ ਮਾਰਨ ਦਾ ਮਾਮਲਾ ਚਰਚਾ ਵਿੱਚ ਚੱਲ ਰਿਹਾ ਹੈ। ਟਿੱਪਰ ਡਰਾਈਵਰ ਨਾਲ ਵਾਪਰੀ ਕਥਿਤ ਥੱਪੜ ਮਾਮਲੇ ਦੀ ਗੂੰਜ ਹੁਣ ਸਿਆਸੀ ਮੈਦਾਨ ਤੋਂ ਲੈ ਕੇ ਪੁਲਿਸ ਥਾਣੇ ਤੱਕ ਪਹੁੰਚ ਗਈ ਹੈ। ਹਲਕਾ ਲੁਧਿਆਣਾ ਦੱਖਣੀ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਥਾਣਾ ਡਾਬਾ ਦਾ ਘਿਰਾਓ ਕਰਕੇ ਪੁਲਿਸ ਤੋਂ ਮਾਮਲੇ ’ਚ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਗਈ।
ਕਾਂਗਰਸੀ ਆਗੂਆਂ ਨੇ ਥਾਣਾ ਡਾਬਾ ਦੇ ਐਸਐਚਓ ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਖ਼ਿਲਾਫ਼ ਕਾਨੂੰਨ ਅਨੁਸਾਰ ਪਰਚਾ ਦਰਜ ਨਾ ਕੀਤਾ, ਤਾਂ ਹਲਕਾ ਦੱਖਣੀ ਦੇ ਸਮੂਹ ਕਾਂਗਰਸੀ ਆਗੂਆਂ ਵੱਲੋਂ ਏਸੀਪੀ ਦਫ਼ਤਰ ਦਾ ਘਿਰਾਓ ਕਰਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਚੀਮਾ ਨੇ ਕਿਹਾ ਕਿ ਕਾਨੂੰਨ ਦੀ ਨਜ਼ਰ ’ਚ ਹਰ ਨਾਗਰਿਕ ਬਰਾਬਰ ਹੈ ਅਤੇ ਕਿਸੇ ਵੀ ਵਿਅਕਤੀ ਦਾ ਅਹੁਦਾ ਉਸ ਨੂੰ ਕਾਨੂੰਨ ਤੋਂ ਉੱਪਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਇਕ ਮਿਹਨਤੀ ਡਰਾਈਵਰ ਨਾਲ ਕਥਿਤ ਤੌਰ ’ਤੇ ਕੁੱਟਮਾਰ ਜਾਂ ਬਦਸਲੂਕੀ ਹੋਈ ਹੈ, ਤਾਂ ਉਸ ਦੀ ਸ਼ਿਕਾਇਤ ’ਤੇ ਨਿਰਪੱਖ ਜਾਂਚ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੋਧ ਵਿੱਚ ਨਹੀਂ, ਸਗੋਂ ਗਰੀਬ ਡਰਾਈਵਰ ਨੂੰ ਨਿਆਂ ਦਿਵਾਉਣ ਲਈ ਆਵਾਜ਼ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਵੀਡੀਓ, ਗਵਾਹਾਂ ਤੇ ਉਪਲੱਬਧ ਸਬੂਤਾਂ ਦੀ ਨਿਰਪੱਖ ਜਾਂਚ ਕਰਕੇ ਕਾਨੂੰਨ ਮੁਤਾਬਕ ਫੈਸਲਾ ਕਰਨਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ 72 ਘੰਟਿਆਂ ਬਾਅਦ ਸੰਘਰਸ਼ ਦਾ ਅਗਲਾ ਪੜਾਅ ਏਸੀਪੀ ਦਫ਼ਤਰ ਦਾ ਘਿਰਾਓ ਹੋਵੇਗਾ, ਜਿਸ ਲਈ ਹਲਕਾ ਦੱਖਣੀ ਦੇ ਕਾਂਗਰਸੀ ਆਗੂ ਅਤੇ ਵਰਕਰ ਤਿਆਰ ਹਨ।
ਕਾਂਗਰਸੀ ਆਗੂਆਂ ਅਨੁਸਾਰ ਇਹ ਮਾਮਲਾ ਸਿਰਫ਼ ਇੱਕ ਡਰਾਈਵਰ ਦਾ ਨਹੀਂ, ਸਗੋਂ ਆਮ ਨਾਗਰਿਕ ਦੇ ਸਨਮਾਨ ਤੇ ਕਾਨੂੰਨ ਦੀ ਬਰਾਬਰੀ ਨਾਲ ਜੁੜਿਆ ਸਵਾਲ ਹੈ। ਜਦੋਂ ਤੱਕ ਪੀੜਤ ਪੱਖ ਨੂੰ ਇਨਸਾਫ ਨਹੀਂ ਮਿਲਦਾ, ਕਾਂਗਰਸ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਮਾਮਲੇ ਸਬੰਧੀ ਮੀਡੀਆ ਰਿਪੋਰਟਾਂ ਵਿੱਚ ਵਿਧਾਇਕਾ ਵੱਲੋਂ ਥੱਪੜ ਮਾਰਨ ਦੇ ਦੋਸ਼ ਤੋਂ ਇਨਕਾਰ ਕੀਤਾ ਗਿਆ ਹੈ, ਜਦਕਿ ਵਾਇਰਲ ਵੀਡੀਓ ਤੇ ਡਰਾਈਵਰ ਵੱਲੋਂ ਵੱਖਰਾ ਦਾਅਵਾ ਸਾਹਮਣੇ ਆਇਆ ਹੈ। ਪੁਲਿਸ ਨੇ ਡਰਾਈਵਰ ਨੂੰ ਗਲਤ ਪਾਰਕਿੰਗ ਸਬੰਧੀ ਚਲਾਨ ਕਰਨ ਦੀ ਗੱਲ ਕਹੀ ਹੈ। ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਵੀਰੂ,ਕੌਂਸਲਰ ਸਤਪਾਲ ਸਿੰਘ,ਅਸ਼ੀਸ਼ ਅਵਸਥੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ, ਮੋਨਿਕਾ, ਦੀਪਕ ਸਿੰਘ, ਹਰੀਸ਼ ਕੁਮਾਰ ਗੋਨਾ, ਗੌਤਮ, ਰਣਜੀਤ ਸਿੰਘ ਰਾਣਾ,ਸ਼ੇਰ ਸਿੰਘ ਗਰਚਾ,ਅਨਮੋਲ,ਵਿਵੇਕ ਤੇ ਸੈਕੜੇ ਕਾਂਗਰਸੀ ਸਮਰਥਕ ਹਾਜ਼ਰ ਸਨ।