ਹੱਡਾਰੋੜੀ ਬਣੀ ਵੱਡੀ ਸਮੱਸਿਆ, ਜਾਨਵਰ ਸੜਕ ’ਤੇ ਖਿਲਾਰਦੇ ਹੱਡ ਤੇ ਮਾਸ ਹੱਡਾਰੋੜੀ ਬਣੀ ਵੱਡੀ ਸਮੱਸਿਆ, ਜਾਨਵਰ ਸੜਕ ’ਤੇ ਖਿਲਾਰਦੇ ਹੱਡ ਤੇ ਮਾਸ
Publish Date: Sat, 26 Sep 2026 07:55 PM (IST)
Updated Date: Sun, 27 Sep 2026 04:07 AM (IST)
ਪੀ23: ਪਿੰਡ ਹਰਿਓ ਕਲਾਂ ਤੋਂ ਲਲਹੇੜੀ ਦਰਮਿਆਨ ਬਣੀ ਹੱਡਾਰੋੜੀ ਦੀ ਤਸਵੀਰ। ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਪਿੰਡ ਹਰਿਓ ਕਲਾਂ ਤੋਂ ਲਲਹੇੜੀ ਦਰਮਿਆਨ ਬਣੀ ਹੱਡਾਰੋੜੀ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਪ੍ਰਸਾਸ਼ਨ ਵੱਲੋਂ ਇਹਦੇ ਹੱਲ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ। ਇਹ ਸ਼ਬ਼ਦਾਂ ਦਾ ਪ੍ਰਗਟਾਵਾ ਰਣਵੀਰ ਸਿੰਘ ਪੁੱਤਰ ਹਰੀ ਸਿੰਘ, ਵਾਸੀ ਪਿੰਡ ਗੋਹ ਨੇ ਕੀਤਾ। ਰਣਵੀਰ ਸਿੰਘ ਨੇ ਦੱਸਿਆ ਕਿ ਪਿੰਡ ਗੋਹ ਨੂੰ ਹਰਿਓ ਕਲਾਂ ਤੋਂ ਲਲਹੇੜੀ ਨੂੰ ਜਾਂਦੀ ਲਿੰਕ ਸੜਕ ’ਤੇ ਸਰਕਾਰੀ ਜਗ੍ਹਾ ’ਤੇ ਬਣੀ ਹੱਡਾਰੋੜੀ (ਮਰੇ ਹੋਏ ਪਸ਼ੂਆਂ ਨੂੰ ਸੁੱਟਣ ਵਾਲੀ ਥਾਂ) ਕਾਰਨ ਪਿਛਲੇ ਕਈ ਸਾਲਾਂ ਤੋਂ ਰਾਹਗੀਰਾਂ, ਸਕੂਲੀ ਬੱਚਿਆਂ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਲੰਘਣਾ ਬਹੁਤ ਔਖਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਹੱਡਾਰੋੜੀ ਦੀ ਸਹੀ ਢੰਗ ਨਾਲ ਚਾਰ-ਦੀਵਾਰੀ ਨਹੀਂ ਕੀਤੀ ਗਈ। ਕੁੱਤੇ ਮਰੇ ਹੋਏ ਜਾਨਵਰਾਂ ਦੀ ਰਹਿੰਦ-ਖੂੰਹਦ ਨੂੰ ਖਿੱਚ ਕੇ ਸੜਕ ਦੇ ਵਿਚਕਾਰ ਲੈ ਆਉਂਦੇ ਹਨ। ਸੜਕ ਕਿਨਾਰੇ 10-15 ਫੁੱਟ ਤੱਕ ਝਾੜੀਆਂ ਉੱਗੀਆਂ ਹੋਈਆਂ ਹਨ, ਜਿਸ ਨਾਲ ਸੜਕ ਤੰਗ ਹੋ ਗਈ ਹੈ ਤੇ ਰਾਤ ਨੂੰ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬਦਬੂ ਕਾਰਨ ਸਾਹ ਲੈਣਾ ਔਖਾ ਹੈ ਤੇ ਬਿਮਾਰੀਆਂ ਫੈਲਣ ਦਾ ਖਤ਼ਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ, ਐੱਸਡੀਐੱਮ ਖੰਨਾ ਤੇ ਬੀਡੀਪੀਓਖੰਨਾ ਨੂੰ ਲਗਾਤਾਰ ਆਨਲਾਈਨ ਤੇ ਲਿਖਤੀ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ 4 ਸਾਲ ਬੀਤ ਜਾਣ ’ਤੇ ਵੀ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ। ਪ੍ਰਸਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਹੱਡਾਰੋੜੀ ਨੂੰ ਪਿੰਡ ਤੋਂ ਦੂਰ ਸ਼ਿਫਟ ਕੀਤਾ ਜਾਵੇ ਜਾਂ ਉਸ ਦੀ ਸਹੀ ਢੰਗ ਨਾਲ ਦੇਖ-ਰੇਖ ਕੀਤੀ ਜਾਵੇ। ਜਲਦੀ ਸਮੱਸਿਆ ਹੱਲ ਕੀਤੀ ਜਾਵੇਗੀ : ਬੀਡੀਪੀਓ ਬੀਡੀਪੀਓ ਖੰਨਾ ਸਤਵਿੰਦਰ ਸਿੰਘ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ, ਮੰਗਲਵਾਰ ਨੂੰ ਕੋਈ ਵੀ ਉਨ੍ਹਾਂ ਨੂੰ ਦਫ਼ਤਰ ਮਿਲ ਕੇ ਇਸ ਸਬੰਧੀ ਗੱਲਬਾਤ ਕਰ ਸਕਦਾ ਹੈ ਤਾਂ ਜੋ ਜਲਦੀ ਤੋਂ ਜਲਦੀ ਕੰਮ ਕਰਵਾਇਆ ਜਾ ਸਕੇ।