- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਲਈ-ਨਹਿਰੀ ਪਾਣੀ ਦੀ ਪਾਈਪਲਾਈਨ ਦਾ ਕੰਮ ਬਣਿਆ ਲੋਕਾਂ ਲਈ ਮੁਸੀਬਤ

-ਸੜਕਾਂ ’ਤੇ ਜਮ੍ਹਾਂ ਪਾਣੀ ਤੇ ਚਿੱਕੜ ਕਾਰਨ ਆਵਾਜਾਈ ਪ੍ਰਭਾਵਿਤ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੀ ਰਾਹੋਂ ਰੋਡ ਸਥਿਤ ਜਾਗੀਰਪੁਰ ਇਲਾਕੇ ਵਿੱਚ ਨਹਿਰੀ ਪਾਣੀ ਦੀ ਪਾਈਪਲਾਈਨ ਵਿਛਾਉਣ ਦਾ ਜਾਰੀ ਕੰਮ ਲੋਕਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਪਾਈਪਲਾਈਨ ਵਿਛਾਉਣ ਦੌਰਾਨ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਟੁੱਟਣ ਕਾਰਨ ਪਿਛਲੇ ਦੋ-ਤਿੰਨ ਦਿਨਾਂ ਤੋਂ ਸੜਕਾਂ ’ਤੇ ਪਾਣੀ ਖੜ੍ਹਾ ਹੈ। ਇਸ ਕਾਰਨ ਇਲਾਕੇ ਵਿੱਚ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਥਾਂ-ਥਾਂ ਚਿੱਕੜ ਅਤੇ ਗਾਰ ਬਣ ਗਈ ਹੈ। ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਰਾਹਗੀਰਾਂ ਦੇ ਨਾਲ-ਨਾਲ ਵਾਹਨ ਚਾਲਕਾਂ ਲਈ ਵੀ ਲੰਘਣਾ ਮੁਸ਼ਕਲ ਹੋ ਗਿਆ ਹੈ। ਇਸ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਇੱਕ ਥ੍ਰੀ-ਵ੍ਹੀਲਰ ਚਿੱਕੜ ਵਿੱਚ ਫਸ ਗਿਆ। ਉਸ ਨੂੰ ਬਾਹਰ ਕੱਢਣ ਲਈ ਕਾਫ਼ੀ ਜਦੋਜਹਿਦ ਦੇਖੀ ਗਈ।
ਸੂਤਰਾਂ ਮੁਤਾਬਕ ਪਾਈਪਲਾਈਨ ਦਾ ਕੰਮ ਕਰ ਰਹੇ ਠੇਕੇਦਾਰ ਅਤੇ ਸਬੰਧਤ ਕਰਮਚਾਰੀ ਸਿਰਫ਼ ਆਪਣਾ ਕੰਮ ਪੂਰਾ ਕਰਨ ਵੱਲ ਧਿਆਨ ਦੇ ਰਹੇ ਹਨ, ਜਦਕਿ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਟੁੱਟਣ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਟੁੱਟੀਆਂ ਪਾਈਪਾਂ ਦੀ ਮੁਰੰਮਤ ਨਾ ਹੋਣ ਕਾਰਨ ਸਮੱਸਿਆ ਲਗਾਤਾਰ ਬਣੀ ਹੋਈ ਹੈ। ਇਸ ਸੰਬੰਧੀ ਐਡਵੋਕੇਟ ਲਵਪ੍ਰੀਤ ਸਿੰਘ ਨੇ ਨਗਰ ਨਿਗਮ ਅਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਟੁੱਟੀਆਂ ਪਾਣੀ ਦੀਆਂ ਪਾਈਪਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਸੜਕਾਂ ’ਤੇ ਜਮ੍ਹਾਂ ਪਾਣੀ ਤੇ ਚਿੱਕੜ ਨੂੰ ਹਟਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਕਿਸੇ ਸੰਭਾਵੀ ਹਾਦਸੇ ਤੋਂ ਬਚਾਅ ਹੋ ਸਕੇ। ਇਸ ਸੰਬੰਧੀ ਨਹਿਰੀ ਵਿਭਾਗ ਐਸਡੀਓ ਜਰਨੈਲ ਸਿੰਘ ਨੇ ਦੱਸਿਆ ਕਿ ਇਸਨੂੰ ਤੁਰੰਤ ਠੀਕ ਕਰਵਾ ਲੋਕਾਂ ਨੂੰ ਰਾਹਤ ਦਿੱਤੀ ਜਾਏਗੀ।