ਜਾਗੀਰਪੁਰ ’ਚ ਨਹਿਰੀ ਪਾਣੀ ਦੀ ਪਾਈਪ ਲਾਈਨ ਬਣੀ ਲੋਕਾਂ ਲਈ ਮੁਸੀਬਤ ਜਾਗੀਰਪੁਰ ’ਚ ਨਹਿਰੀ ਪਾਣੀ ਦੀ ਪਾਈਪ ਲਾਈਨ ਬਣੀ ਲੋਕਾਂ ਲਈ ਮੁਸੀਬਤ
Publish Date: Sat, 10 Oct 2026 08:53 PM (IST)
Updated Date: Sun, 11 Oct 2026 04:06 AM (IST)
-ਚਿੱਕੜ ’ਚ ਫਸੇ ਵਾਹਨ, ਪਾਈਪਾਂ ਦੀ ਮੁਰੰਮਤ ਤੋਂ ਬਾਅਦ ਵੀ ਨਹੀਂ ਸੁਧਰੇ ਹਾਲਾਤ, ਠੇਕੇਦਾਰ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ ਸੁਰੇਸ਼, ਪੰਜਾਬੀ ਜਾਗਰਣ, ਲੁਧਿਆਣਾ : ਰਾਹੋਂ ਰੋਡ ਸਥਿੱਤ ਜਾਗੀਰਪੁਰ ਵਿਖੇ ਨਹਿਰੀ ਪਾਣੀ ਦੀ ਪਾਈਪ ਲਾਈਨ ਦੇ ਕੰਮ ਕਾਰਨ ਪੈਦਾ ਹੋਈ ਸਮੱਸਿਆ ਲੋਕਾਂ ਲਈ ਲਗਾਤਾਰ ਮੁਸੀਬਤ ਬਣੀ ਹੋਈ ਹੈ। ਸੜਕ ’ਤੇ ਫੈਲੇ ਚਿੱਕੜ ਅਤੇ ਖਰਾਬ ਰਸਤੇ ਕਾਰਨ ਜਿੱਥੇ ਰਾਹਗੀਰਾਂ ਨੂੰ ਲੰਘਣ ਵਿੱਚ ਦਿੱਕਤ ਆ ਰਹੀ ਹੈ, ਉੱਥੇ ਹੀ ਵਾਹਨ ਚਾਲਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਇੱਕ ਤੋਂ ਬਾਅਦ ਇੱਕ ਚਿੱਕੜ ਵਿੱਚ ਫਸ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੜਕ ’ਤੇ ਫੈਲੇ ਪਾਣੀ ਅਤੇ ਪਾਈਪਾਂ ਨਾਲ ਸਬੰਧਤ ਸਮੱਸਿਆ ਬਾਰੇ ਨਹਿਰੀ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਸੀ। ਇਸ ਦੌਰਾਨ ਅਧਿਕਾਰੀ ਵੱਲੋਂ ਸਮੱਸਿਆ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪਾਈਪਾਂ ਦੀ ਸਮੱਸਿਆ ਨੂੰ ਠੀਕ ਕਰਵਾਇਆ ਗਿਆ ਪਰ ਸੜਕ ’ਤੇ ਬਣੇ ਚਿੱਕੜ ਅਤੇ ਮਾੜੇ ਹਾਲਾਤਾਂ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਅਜੇ ਵੀ ਬਰਕਰਾਰ ਹਨ। ਸਵੇਰੇ ਇਸ ਸਮੇਂ ਸਥਿਤੀ ਹੋਰ ਵੀ ਗੰਭੀਰ ਹੋ ਗਈ, ਜਦੋਂ ਮਲਬੇ ਨਾਲ ਭਰੀ ਇੱਕ ਟਰਾਲੀ ਚਿੱਕੜ ਵਿੱਚ ਧਸ ਗਈ। ਸਥਾਨਕ ਲੋਕਾਂ ਮੁਤਾਬਕ ਟਰਾਲੀ ਵਿੱਚੋਂ ਮਲਬਾ ਖਾਲੀ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਵਾਹਨ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਇੱਕ ਛੋਟਾ ਹਾਥੀ ਪਿਕਅੱਪ ਵੀ ਉਸੇ ਥਾਂ ਫਸ ਗਿਆ। ਵਾਹਨ ਨੂੰ ਕੱਢਣ ਲਈ ਕਾਫ਼ੀ ਜੱਦੋ-ਜਹਿਦ ਕੀਤੀ ਗਈ, ਪਰ ਸਫ਼ਲਤਾ ਨਾ ਮਿਲਣ ’ਤੇ ਆਖ਼ਰਕਾਰ ਕਰੇਨ ਬੁਲਾਉਣੀ ਪਈ। ਸੂਤਰਾਂ ਅਨੁਸਾਰ, ਪਿਕਅੱਪ ਨੂੰ ਚਿੱਕੜ ਵਿੱਚੋਂ ਬਾਹਰ ਕੱਢਣ ਲਈ ਕਰੇਨ ਚਾਲਕ ਵੱਲੋਂ 2,000 ਰੁਪਏ ਦੀ ਮੰਗ ਕੀਤੀ ਗਈ। ਕਾਫ਼ੀ ਸਮਾਂ ਅਤੇ ਮਿਹਨਤ ਲੱਗਣ ਤੋਂ ਬਾਅਦ ਵਾਹਨ ਨੂੰ ਬਾਹਰ ਕੱਢਿਆ ਜਾ ਸਕਿਆ। ਹਾਲਾਂਕਿ, ਇਹ ਸਮੱਸਿਆ ਇੱਥੇ ਹੀ ਖ਼ਤਮ ਨਹੀਂ ਹੋਈ, ਕਿਉਂਕਿ ਇਸ ਤੋਂ ਬਾਅਦ ਇੱਕ ਖਾਲੀ ਟਰੱਕ ਵੀ ਉਸੇ ਸਥਾਨ ’ਤੇ ਧਸ ਗਿਆ। ਇੱਕ ਤੋਂ ਬਾਅਦ ਇੱਕ ਵਾਹਨਾਂ ਦੇ ਫਸਣ ਦੀਆਂ ਘਟਨਾਵਾਂ ਨੇ ਠੇਕੇਦਾਰ ਅਤੇ ਕੰਮ ਨਾਲ ਜੁੜੇ ਕਰਿੰਦਿਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਾਈਪਾਂ ਦੀ ਮੁਰੰਮਤ ਤੋਂ ਬਾਅਦ ਸੜਕ ਨੂੰ ਸਹੀ ਢੰਗ ਨਾਲ ਠੀਕ ਕਰਕੇ ਆਵਾਜਾਈ ਯੋਗ ਬਣਾਇਆ ਜਾਂਦਾ, ਤਾਂ ਵਾਹਨ ਚਾਲਕਾਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਹੁਣ ਸਵਾਲ ਇਹ ਹੈ ਕਿ ਨਹਿਰੀ ਵਿਭਾਗ ਵੱਲੋਂ ਸਿਰਫ਼ ਪਾਈਪਾਂ ਦੀ ਸਮੱਸਿਆ ਦੂਰ ਕਰਵਾਉਣ ਤੱਕ ਹੀ ਕਾਰਵਾਈ ਸੀਮਤ ਰਹੇਗੀ ਜਾਂ ਸੜਕ ਨੂੰ ਵੀ ਪੂਰੀ ਤਰ੍ਹਾਂ ਠੀਕ ਕਰਵਾਇਆ ਜਾਵੇਗਾ। ਵਿਭਾਗ ਦੇ ਐਸਡੀਓ ਵੱਲੋਂ ਦਿੱਤੇ ਗਏ ਭਰੋਸੇ ਅਨੁਸਾਰ ਸੜਕ ਦੇ ਹਾਲਾਤ ਕਦੋਂ ਸੁਧਰਨਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਜਾਗੀਰਪੁਰ ਵਿੱਚੋਂ ਲੰਘਣ ਵਾਲੇ ਲੋਕਾਂ ਨੂੰ ਚਿੱਕੜ ਅਤੇ ਖਰਾਬ ਰਸਤੇ ਦੀ ਮਾਰ ਝੱਲਣੀ ਪੈ ਰਹੀ ਹੈ। ਖਬਰ ਕੀਤੇ ਜਾਣ ਤੱਕ ਸੜਕ ਤੇ ਵਾਹਨਾਂ ਦਾ ਫਸਣ ਦਾ ਸਿਲਸਿਲਾ ਜਾਰੀ ਰਿਹਾ।