ਕੈਂਬਰਿਜ ਇੰਟਰਨੈਸ਼ਨਲ ਸਕੂਲ ਪਾਇਲ ਨੇ ਰਚਿਆ ਇਤਿਹਾਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਾਇਲ ਨੇ ਰਚਿਆ ਇਤਿਹਾਸ
Publish Date: Sat, 07 Nov 2026 06:25 PM (IST)
Updated Date: Sat, 07 Nov 2026 06:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਾਇਲ : ਸਿੱਖਿਆ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਦਿਆਂ ਕੈਂਬਰਿਜ ਇੰਟਰਨੈਸ਼ਨਲ ਸਕੂਲ, ਪਾਇਲ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੰਯੁਕਤ ਅਰਬ ਅਮੀਰਾਤ ਦਾ ਵਿਸ਼ੇਸ਼ ਅੰਤਰਰਾਸ਼ਟਰੀ ਸਿੱਖਿਆਤਮਕ ਦੌਰਾ ਕਰਵਾਇਆ ਗਿਆ। ਇਸ ਪਹਿਲਕਦਮੀ ਨਾਲ ਸਕੂਲ ਨੇ ਇਲਾਕੇ ’ਚ ਇੱਕ ਨਵਾਂ ਇਤਿਹਾਸ ਸਿਰਜਿਆ ਹੈ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਵੀਆਂ ਸੰਭਾਵਨਾਵਾਂ ਨਾਲ ਜਾਣੂ ਕਰਵਾਇਆ ਹੈ। ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਉਪਰਾਲਾ ਹੈ ਕਿਉਂਕਿ ਇਲਾਕੇ ਵਿੱਚ ਪਹਿਲੀ ਵਾਰ ਕਿਸੇ ਸਕੂਲ ਵੱਲੋਂ ਵਿਦਿਆਰਥੀਆਂ ਲਈ ਇਸ ਪੱਧਰ ਦਾ ਅੰਤਰਰਾਸ਼ਟਰੀ ਦੌਰਾ ਆਯੋਜਿਤ ਕੀਤਾ ਗਿਆ। ਇਹ ਸ਼ਾਨਦਾਰ ਦੌਰਾ ਸਕੂਲ ਦੇ ਚੇਅਰਮੈਨ ਪ੍ਰੋ. ਭੁਪਿੰਦਰ ਸਿੰਘ ਚੀਮਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਕੌਰ ਚੀਮਾ, ਵਾਈਸ ਚੇਅਰਪਰਸਨ ਮਿਸ ਹਰਸਿਮਰ ਕੌਰ ਚੀਮਾ, ਡਾਇਰੈਕਟਰ ਰਿਪੁਦਮਨ ਸਿੰਘ, ਹਰਿਰਾਜ ਸਿੰਘ ਚੀਮਾ ਤੇ ਵਾਈਸ ਪ੍ਰਿੰਸੀਪਲ ਰਾਜੇਸ਼ ਸ਼ਰਮਾ ਦੀ ਅਗਵਾਈ ਤੇ ਮਾਰਗਦਰਸ਼ਨ ਹੇਠ ਸਮੂਹ ਅਧਿਆਪਕਾਂ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਦੁਬਈ, ਸ਼ਾਰਜਾਹ ਅਤੇ ਅਬੂ ਧਾਬੀ ਵਰਗੇ ਪ੍ਰਮੁੱਖ ਸ਼ਹਿਰਾਂ ਦੀ ਯਾਤਰਾ ਕਰਕੇ ਉੱਥੋਂ ਦੀ ਆਧੁਨਿਕ ਜੀਵਨ-ਸ਼ੈਲੀ, ਸ਼ਾਨਦਾਰ ਇਮਾਰਤਸਾਜ਼ੀ, ਤਕਨੀਕੀ ਤਰੱਕੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਨੇੜਿਓਂ ਦੇਖਿਆ। ਦੁਬਈ ਦੀ ਵਿਸ਼ਵ ਪ੍ਰਸਿੱਧ ਬੁਰਜ ਖਲੀਫਾ ਇਮਾਰਤ, ਦੁਬਈ ਮਾਲ, ਦੁਬਈ ਸਿਟੀ ਟੂਰ, ਸ਼ਾਨਦਾਰ ਮਰੀਨਾ ਕਰੂਜ਼ ਅਤੇ ਰਾਤ ਦੇ ਮਨਮੋਹਕ ਸ਼ੋਅ ਇਸ ਯਾਤਰਾ ਦੇ ਖਾਸ ਆਕਰਸ਼ਣ ਰਹੇ। ਇਸ ਅੰਤਰਰਾਸ਼ਟਰੀ ਦੌਰੇ ਦੀ ਸਫਲਤਾ ਨੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਾਇਲ ਦੀ ਅਗਾਂਹਵਧੂ ਸੋਚ, ਦੂਰਦਰਸ਼ੀ ਅਗਵਾਈ ਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਪ੍ਰਤੀ ਵਚਨਬੱਧਤਾ ਨੂੰ ਦਰਸਾਇਆ ਹੈ। ਸਕੂਲ ਨੇ ਇਸ ਉਪਰਾਲੇ ਰਾਹੀਂ ਸਾਬਤ ਕੀਤਾ ਹੈ ਕਿ ਛੋਟੇ ਸ਼ਹਿਰਾਂ ਤੇ ਕਸਬਿਆਂ ਦੇ ਵਿਦਿਆਰਥੀਆਂ ਲਈ ਵੀ ਦੁਨੀਆ ਦੇ ਦਰਵਾਜ਼ੇ ਖੋਲ੍ਹੇ ਜਾ ਸਕਦੇ ਹਨ।